ਅਮਰੀਕਾ : ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਦਾ ਫਰਿਜ਼ਨੋ ਵਿਖੇ ਹੋਇਆ ਸੁਆਗਤ
Saturday, May 22, 2021 - 03:09 PM (IST)
ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ/ਕੁਲਵੰਤ ਧਾਲੀਆਂ)-ਆਮ ਆਦਮੀ ਪਾਰਟੀ ਦੇ ਆਗੂ ਅਤੇ ਮੌਜੂਦਾ ਵਿਧਾਇਕ ਅਮਨ ਅਰੋੜਾ ਅੱਜਕਲ ਆਪਣੀ ਨਿੱਜੀ ਪਰਿਵਾਰਕ ਫੇਰੀ ਦੌਰਾਨ ਕੈਲੀਫੋਰਨੀਆ ਪਹੁੰਚੇ ਹੋਏ ਹਨ। ਇਸ ਫੇਰੀ ਦੌਰਾਨ ਉਹ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰਾਂ ਨਾਲ ਮਿਲ ਕੇ ਪੁਰਾਣੇ ਗਿਲੇ-ਸ਼ਿਕਵੇ ਦੂਰ ਕਰ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਵੀ ਕਰ ਰਹੇ ਹਨ। ਇਸੇ ਸਿਲਸਿਲੇ ਤਹਿਤ ਉਹ ਲੰਘੇ ਵੀਰਵਾਰ ਫਰਿਜ਼ਨੋ ਦੇ ਕਰ੍ਹੀ ਹਾਊਸ ਰੈਸਟੋਰੈਂਟ ਵਿਖੇ ਪਹੁੰਚੇ, ਜਿਥੇ ਉਨ੍ਹਾਂ ਦੇ ਸੁਆਗਤ ਲਈ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਮਿਲਣੀ ਉੱਘੇ ਸਮਾਜਸੇਵੀ ਤੇ ਕਾਰੋਬਾਰੀ ਗੁਲਿੰਦਰ ਗਿੱਲ (ਸੈਕਰਾਮੈਂਟੋ) ਦੇ ਯਤਨਾਂ ਸਦਕਾ ਸੰਭਵ ਹੋਈ। ਇਸ ਮੌਕੇ ਪੱਤਰਕਾਰ ਨੀਟਾ ਮਾਛੀਕੇ ਨੇ ਸਟੇਜ ਸੰਚਾਲਨ ਕਰਦਿਆਂ ਸਭਨਾਂ ਨੂੰ ਨਿੱਘੀ ਜੀ ਆਇਆਂ ਆਖ ਕੇ ਸਮਾਗਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਿਸਾਨੀ ਸੰਘਰਸ਼ ਦੌਰਾਨ 300 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ, ਕੋਵਿਡ ਦੀ ਦੂਜੀ ਲਹਿਰ ਦੌਰਾਨ ਮਾਰੇ ਗਏ ਲੋਕਾਂ, ਕੋਵਿਡ ਕਾਰਨ 278 ਤੋਂ ਵੱਧ ਮਾਰੇ ਗਏ ਡਾਕਟਰਾਂ ਅਤੇ ਦਿੱਲੀ ਤੋਂ ਪਾਰਟੀ ਦੇ ਸਾਬਕਾ ਵਿਧਾਇਕ ਪੱਤਰਕਾਰ ਜਰਨੈਲ ਸਿੰਘ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸੰਧੂ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਸਮਾਗਮ ਦੌਰਾਨ ਬੋਲਣ ਵਾਲੇ ਬੁਲਾਰਿਆਂ ’ਚ ਮਹਿੰਦਰ ਸਿੰਘ ਸੰਧਾਵਾਲੀਆ, ਸਾਧੂ ਸਿੰਘ ਸੰਘਾ, ਸੁਰਿੰਦਰ ਮੰਢਾਲੀ, ਸੁਰਜੀਤ ਜੰਡੂ, ਬਲਬਹਾਦਰ ਸਿੰਘ, ਹਾਕਮ ਸਿੰਘ ਢਿੱਲੋਂ, ਗੁਲਿੰਦਰ ਗਿੱਲ ਅਤੇ ਰਣਜੀਤ ਗਿੱਲ ਆਦਿ ਨੇ ਆਪਣੇ ਵਿਚਾਰ ਰੱਖੇ। ਅਖੀਰ ’ਚ ਅਮਨ ਅਰੋੜਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹ ਰਾਜਨੀਤਕ ਨਹੀਂ ਸਗੋਂ ਪਰਿਵਾਰਕ ਫੇਰੀ ਦੌਰਾਨ ਕੈਲੀਫੋਰਨੀਆ ਆਏ ਹਨ।
ਉਨ੍ਹਾਂ ਨੇ ਮੰਨਿਆ ਕਿ ਹਾਂ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਵੀ ਗਲਤੀਆਂ ਹੋਈਆ ਸਨ ਪਰ ਸਾਨੂੰ ਦਿਲ ਛੋਟਾ ਕਰਨ ਦੀ ਲੋੜ ਨਹੀਂ, ਪਾਰਟੀ ਨਵੀਂ ਹੈ, ਗਲਤੀਆਂ ਤੋਂ ਬਹੁਤ ਕੁਝ ਸਿੱਖਿਆ ਹੈ ਤੇ ਸਿੱਖ ਰਹੀ ਹੈ। ਉਨ੍ਹਾਂ ਆਖਿਆ ਕਿ ਪਾਰਟੀ ਦੇ ਵਲੰਟੀਅਰਜ਼ ਦੀਆਂ ਨਿਯੁਕਤੀਆਂ ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦਾਅਵੇ ਨਾਲ ਕਿਹਾ ਕਿ ਵਲੰਟੀਅਰਜ਼ ਅਤੇ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ। ਸਾਨੂੰ ਸਦਾ ਹੀ ਆਸਵੰਦ ਹੋ ਕੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਯਤਨਸ਼ੀਲ ਹੋਣ ਅਤੇ ਰਹਿਣ ਦੀ ਲੋੜ ਹੈ। ਇਸ ਮੌਕੇ ‘ਆਪ’ ਵਲੰਟੀਅਰ ਟੀਮ ਫਰਿਜ਼ਨੋ ਵੱਲੋਂ ਅਮਨ ਅਰੋੜਾ ਨੂੰ ਪਾਰਟੀ ਦੀਆ ਪਾਲਿਸੀਆਂ ਨੂੰ ਲੈ ਕੇ ਤਿੱਖੇ ਸਵਾਲ ਵੀ ਕੀਤੇ ਗਏ, ਜਿਨ੍ਹਾਂ ਦੇ ਅਮਨ ਅਰੋੜਾ ਨੇ ਬੜੇ ਠਰ੍ਹੰਮੇ ਅਤੇ ਸੁਲਝੇ ਹੋਏ ਤਰੀਕੇ ਨਾਲ ਤਸੱਲੀਬਖਸ਼ ਜਵਾਬ ਦਿੱਤੇ। ਕੋਵਿਡ ਦੇ ਚੱਲਦਿਆਂ ਲਿਮਟਿਡ ਗਿਣਤੀ ਵਿੱਚ ਇੰਡੋ-ਯੂ. ਐੱਸ. ਹੈਰੀਟੇਜ ਆਰਗੇਨਾਈਜ਼ੇਸ਼ਨ, ਇੰਡੋ ਅਮੇਰਕਿਨ ਹੈਰੀਟੇਜ ਫੋਰਮ, ਜੀ. ਐੱਚ. ਜੀ., ਵਿਰਸਾ ਫਾਊਂਡੇਸ਼ਨ ਅਤੇ ਆਜ਼ਾਦ ਕਲੱਬ ਦੇ ਮੋਢੀ ਮੈਂਬਰਾਂ ਨੇ ਹੀ ਹਾਜ਼ਰੀ ਭਰੀ ਤੇ ਇਸ ਮਿਲਣੀ ਦਾ ਮੁਹੱਬਤ ਭਰੇ ਮਾਹੌਲ ਵਿੱਚ ਆਨੰਦ ਮਾਣਿਆ ਤੇ ਸਮਾਗਮ ਨੂੰ ਕਾਮਯਾਬ ਬਣਾਇਆ।