ਨੀਦਰਲੈਂਡ ’ਚ ਵਾਪਰਿਆ ਭਿਆਨਕ ਹਾਦਸਾ, 6 ਲੋਕਾਂ ਦੀ ਹੋਈ ਮੌਤ
Sunday, Aug 28, 2022 - 11:28 PM (IST)
ਹੇਗ (ਏ. ਪੀ.)-ਨੀਦਰਲੈਂਡ ਦੇ ਰੋਟਰਡਮ ’ਚ ਇਕ ਪਿੰਡ ’ਚ ਇਕ ਟਰੱਕ ਦੇ ਡੈਮ ਤੋਂ ਫਿਸਲ ਕੇ ਕਮਿਊਨਿਟੀ ਬਾਰਬੀਕਿਊ ਨਾਲ ਟਕਰਾਉਣ ਕਾਰਨ ਹੋਏ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵਧ ਕੇ 6 ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਸ ਹਾਦਸੇ ’ਚ ਜ਼ਖ਼ਮੀ ਹੋਏ 7 ਲੋਕ ਹਸਪਤਾਲ ’ਚ ਦਾਖ਼ਲ ਹਨ, ਜਿਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਅਨੁਸਾਰ ਮ੍ਰਿਤਕਾਂ ’ਚ ਤਿੰਨ ਮਰਦ ਅਤੇ ਤਿੰਨ ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 28 ਤੋਂ 75 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਸ ਦੇ ਬੁਲਾਰੇ ਮਿਰਜਾਮ ਬੋਅਰਜ਼ ਨੇ ਦੱਸਿਆ ਕਿ 46 ਸਾਲਾ ਟਰੱਕ ਡਰਾਈਵਰ ਮੂਲ ਰੂਪ ’ਚ ਸਪੇਨ ਦਾ ਰਹਿਣ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ : ਸੁਖਪਾਲ ਖਹਿਰਾ ਦੀ ਨਸੀਹਤ ’ਤੇ ਰਾਜਾ ਵੜਿੰਗ ਦੀ ਦੋ-ਟੁੱਕ, ਕਿਹਾ- ‘ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ....’
ਪੁਲਸ ਮੁਤਾਬਕ ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਨੀਉਵ-ਬੀਜਰਲੈਂਡ ਪਿੰਡ ’ਚ ਵਾਪਰਿਆ। ਨੀਦਰਲੈਂਡ ਦੇ ਨਿੱਜਤਾ ਦੇ ਕਾਨੂੰਨ ਤਹਿਤ ਟਰੱਕ ਡਰਾਈਵਰ ਦੀ ਪਛਾਣ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਬੋਅਰਜ਼ ਨੇ ਕਿਹਾ ਕਿ ਹਾਦਸੇ ਦੇ ਸਮੇਂ ਡਰਾਈਵਰ ਨੇ ਸ਼ਰਾਬ ਨਹੀਂ ਪੀਤੀ ਸੀ। ਤੇਜ਼ ਰਫ਼ਤਾਰ ਟਰੱਕ ਬੰਨ੍ਹ ਤੋਂ ਫਿਸਲ ਕੇ ਪਿੰਡ ’ਚ ਲੋਕਾਂ ਦੀ ਭੀੜ ’ਚ ਜਾ ਵੜਿਆ।