ਪਾਕਿਸਤਾਨੀ ਫੌਜ ਦੇ ਸੇਵਾਮੁਕਤ ਜਨਰਲ ਨੂੰ ਲੋਕਾਂ ਨੂੰ ਭੜਕਾਉਣ ਦੇ ਦੋਸ਼ ''ਚ ਕੀਤਾ ਗ੍ਰਿਫਤਾਰ

Monday, Feb 27, 2023 - 07:21 PM (IST)

ਪਾਕਿਸਤਾਨੀ ਫੌਜ ਦੇ ਸੇਵਾਮੁਕਤ ਜਨਰਲ ਨੂੰ ਲੋਕਾਂ ਨੂੰ ਭੜਕਾਉਣ ਦੇ ਦੋਸ਼ ''ਚ ਕੀਤਾ ਗ੍ਰਿਫਤਾਰ

ਇਸਲਾਮਾਬਾਦ (ਭਾਸ਼ਾ) - ਪਾਕਿਸਤਾਨੀ ਫੌਜ ਦੇ ਇਕ ਸੇਵਾਮੁਕਤ ਜਨਰਲ ਨੂੰ ਸੋਮਵਾਰ ਤੜਕੇ ਰਾਸ਼ਟਰੀ ਸੰਸਥਾਵਾਂ ਖਿਲਾਫ ਜਨਤਾ ਨੂੰ ਭੜਕਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕ ਲੈਫਟੀਨੈਂਟ ਜਨਰਲ (ਸੇਵਾਮੁਕਤ) ਅਮਜਦ ਸ਼ੋਏਬ ਨੂੰ ਇਸਲਾਮਾਬਾਦ ਪੁਲਿਸ ਨੇ ਸੰਘੀ ਰਾਜਧਾਨੀ ਵਿੱਚ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਹੈ। 

ਇਸ ਤੋਂ ਪਹਿਲਾਂ ਐਤਵਾਰ ਨੂੰ ਮੈਜਿਸਟ੍ਰੇਟ ਓਵੈਸ ਖਾਨ ਨੇ ਸ਼ੋਏਬ ਖਿਲਾਫ ਰਮਨਾ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕਰਵਾਈ ਸੀ। ਸ਼ੋਏਬ ਨੂੰ ਇਸਲਾਮਾਬਾਦ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਤਿੰਨ ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਿਸ ਨੇ ਦੋਸ਼ਾਂ ਦੀ ਜਾਂਚ ਲਈ ਉਸ ਦੀ ਸੱਤ ਦਿਨ ਦੀ ਰਿਮਾਂਡ ਮੰਗੀ ਸੀ। ਐਫਆਈਆਰ ਪਾਕਿਸਤਾਨ ਪੀਨਲ ਕੋਡ ਦੀ ਧਾਰਾ 153ਏ (ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ) ਅਤੇ 505 (ਜਨਤਕ ਸ਼ਾਂਤੀ ਲਈ ਨੁਕਸਾਨਦੇਹ ਬਿਆਨ) 'ਤੇ ਆਧਾਰਿਤ ਹੈ।

ਇਹ ਵੀ ਪੜ੍ਹੋ : ਠੱਪ ਖੜ੍ਹੇ ਹਨ Indigo-GoFirst ਦੇ 50 ਜਹਾਜ਼, ਪਟੇ 'ਤੇ ਜਹਾਜ਼ ਲੈਣ ਲਈ ਮਜ਼ਬੂਰ ਏਅਰਲਾਈਨ ਕੰਪਨੀਆਂ

ਐਫਆਈਆਰ ਮੁਤਾਬਕ ਸੇਵਾਮੁਕਤ ਜਨਰਲ ਨੇ ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਲੋਕਾਂ ਨੂੰ ਸੰਸਥਾਵਾਂ ਖ਼ਿਲਾਫ਼ ਬਗ਼ਾਵਤ ਕਰਨ ਲਈ ਉਕਸਾਇਆ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੇਵਾਮੁਕਤ ਜਨਰਲ ਨੇ ਇਹ ਟਿੱਪਣੀਆਂ ਇੱਕ ਟੀਵੀ ਸ਼ੋਅ 'ਇਮਰਾਨ ਖਾਨ ਵਿਦ ਬੀਓਐੱਲ' ਵਿੱਚ ਇੱਕ ਇੰਟਰਵਿਊ ਵਿੱਚ ਕੀਤੀਆਂ। 

ਐਫਆਈਆਰ ਵਿੱਚ ਕਿਹਾ ਗਿਆ ਹੈ ਕਿ 'ਜੇਲ੍ਹ ਭਰੋ ਤਹਿਰੀਕ' ਅੰਦੋਲਨ ਲੋੜੀਂਦਾ ਨਤੀਜਾ ਨਹੀਂ ਦੇ ਸਕਿਆ ਕਿਉਂਕਿ ਸਿਰਫ਼ ਲੋਕ ਹੀ ਦੁੱਖ ਅਤੇ ਤਕਲੀਫ਼ ਝੱਲ ਰਹੇ ਸਨ, ਜਦੋਂ ਕਿ "ਸਿਖਰ ਦੇ ਹੰਕਾਰੀ ਅਤੇ ਬੇਸ਼ਰਮ ਹਾਕਮਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ"।

ਮੈਜਿਸਟਰੇਟ ਨੇ ਕਿਹਾ ਕਿ ਸੇਵਾਮੁਕਤ ਫੌਜੀ ਅਧਿਕਾਰੀ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੂੰ “ਰਣਨੀਤੀ ਬਣਾਉਣ” ਦੀ ਸਲਾਹ ਵੀ ਦਿੱਤੀ। ਐਫਆਈਆਰ 'ਚ ਕਿਹਾ ਗਿਆ ਹੈ, ''ਸ਼ੋਏਬ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਇਸਲਾਮਾਬਾਦ 'ਚ ਸਰਕਾਰੀ ਦਫਤਰਾਂ 'ਚ ਜਾਣ ਤੋਂ ਰੋਕ ਸਕਦੇ ਹੋ।'' ਸ਼ੋਏਬ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਟੀਵੀ ਟਾਕ-ਸ਼ੋਅ ਦਾ ਨਿਯਮਿਤ ਚਿਹਰਾ ਰਿਹਾ ਹੈ ਅਤੇ ਆਪਣੀਆਂ ਵਿਵਾਦਿਤ ਟਿੱਪਣੀਆਂ ਲਈ ਜਾਣਿਆ ਜਾਂਦਾ ਹੈ। ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ.ਆਈ.ਏ.) ਨੇ ਪਿਛਲੇ ਸਾਲ 7 ਸਤੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਇਜ਼ਰਾਈਲੀ ਟੀਮ ਵਿਚਾਲੇ ਮੁਲਾਕਾਤ ਦਾ ਦਾਅਵਾ ਕਰਨ ਤੋਂ ਬਾਅਦ ਉਸ ਨੂੰ ਸੰਮਨ ਭੇਜਿਆ ਸੀ। ਹਾਲਾਂਕਿ ਉਹ ਐਫਆਈਏ ਦੇ ਸਾਈਬਰ ਕ੍ਰਾਈਮ ਵਿੰਗ ਦੇ ਸਾਹਮਣੇ ਪੇਸ਼ ਨਹੀਂ ਹੋਏ।

ਇਹ ਵੀ ਪੜ੍ਹੋ : ਮਸ਼ਹੂਰ ਏਅਰਲਾਈਨ ਅਮੀਰਾਤ ਨੇ ਅੰਮ੍ਰਿਤਸਰ ਤੋਂ ਉਡਾਨ ਭਰਨ ਦੀ ਮੰਗੀ ਇਜਾਜ਼ਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News