ਵੇਲਜ਼ ''ਚ ਸਿੱਖ ਅਤੇ ਹਿੰਦੂ ਭਾਈਚਾਰੇ ਲਈ ਖੁੱਲ੍ਹੀ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਜਗ੍ਹਾ
Sunday, Aug 01, 2021 - 12:39 PM (IST)
ਗਲਾਸਗੋ/ਕਾਰਡਿਫ (ਮਨਦੀਪ ਖੁਰਮੀ ਹਿੰਮਤਪੁਰਾ) ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਵਿਅਕਤੀ ਦੀ ਮੌਤ ਹੋ ਜਾਣ 'ਤੇ ਅੰਤਿਮ ਸਸਕਾਰ ਉਪਰੰਤ ਮ੍ਰਿਤਕ ਵਿਅਕਤੀ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਰਸਮ ਅਦਾ ਕੀਤੀ ਜਾਂਦੀ ਹੈ। ਵਿਦੇਸ਼ਾਂ ਵਿੱਚ ਇਹਨਾਂ ਭਾਈਚਾਰਿਆਂ ਦੇ ਲੋਕਾਂ ਨੂੰ ਇਸ ਰਸਮ ਨੂੰ ਪੂਰਾ ਕਰਨ ਵਿੱਚ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੇ ਸਥਾਨਾਂ ਦੀ ਘਾਟ ਹੋਣ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਵੇਲਜ਼ ਵਿੱਚ ਇੱਕ ਅਜਿਹੀ ਜਗ੍ਹਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਸਿੱਖ ਅਤੇ ਹਿੰਦੂ ਆਪਣੇ ਅਜ਼ੀਜ਼ਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰ ਸਕਦੇ ਹਨ।
ਇਹ ਜਗ੍ਹਾ ਵੇਲਜ਼ ਦੇ ਕਾਰਡਿਫ ਵਿੱਚ ਟੈਫ ਨਦੀ 'ਤੇ ਲੈਂਡੈਫ ਰੋਇੰਗ ਕਲੱਬ 'ਚ ਇਹ ਆਪਣੀ ਕਿਸਮ ਦੀ ਪਹਿਲੀ ਹੈ। ਇਹ ਜਗ੍ਹਾ ਅੰਤਿਮ ਸੰਸਕਾਰ ਗਰੁੱਪ ਵੇਲਜ਼ (ਏ ਐੱਸ ਜੀ ਡਬਲਯੂ) ਦੇ ਚੰਨੀ ਕਲੇਰ ਦੁਆਰਾ ਸ਼ਨੀਵਾਰ ਨੂੰ ਅਧਿਕਾਰਤ ਤੌਰ 'ਤੇ ਖੋਲ੍ਹੀ ਗਈ। ਚੰਨੀ ਕਲੇਰ ਨੇ 2012 ਵਿੱਚ ਪੋਂਟਸਾਰਨ, ਮੈਰਥਿਰ ਟਾਇਡਫਿਲ ਵਿਖੇ ਆਪਣੇ ਪਿਤਾ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਦੇ ਹੋਏ ਆਪਣੀ ਭੈਣ ਦੇ ਦਰਿਆ ਵਿੱਚ ਤਿਲਕ ਕੇ ਡਿੱਗਣ ਤੋਂ ਬਾਅਦ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਲਈ ਜਗ੍ਹਾ ਦੀ ਭਾਲ ਸ਼ੁਰੂ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਪਾਰਕ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਆਉਣਗੇ ਭਾਰਤ
ਚੰਨੀ ਕਲੇਰ, ਤਨਜ਼ਾਨੀਆ ਵਿੱਚ ਜਨਮੇ ਇੱਕ ਸਿੱਖ ਹਨ ਜੋ ਕਿ 1961 ਵਿੱਚ ਵੇਲਜ਼ ਚਲੇ ਆਏ ਸਨ। ਉਹਨਾਂ ਨੇ ਹਿੰਦੂ ਭਾਈਚਾਰੇ ਨਾਲ ਸੰਪਰਕ ਕਰਕੇ ਅਤੇ ਉਹਨਾਂ ਨੇ ਮਿਲ ਕੇ ਏ ਐੱਸ ਜੀ ਡਬਲਯੂ ਦਾ ਗਠਨ ਕੀਤਾ। ਫਿਰ ਇਸ ਗਰੁੱਪ ਨੇ ਕਈ ਸਾਲਾਂ ਤੱਕ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਸਥਾਨ ਦੀ ਭਾਲ ਕੀਤੀ ਤੇ ਅੰਤ ਵਿੱਚ ਰੋਇੰਗ ਕਲੱਬ ਭਾਈਵਾਲੀ ਨਾਲ ਇਸ ਕੰਮ ਲਈ ਕਾਰਡਿਫ ਕੌਂਸਲ ਨਾਲ ਸਹਿਮਤ ਹੋਇਆ। ਹੁਣ ਇਸ ਜਗ੍ਹਾ ਨੂੰ ਕੋਈ ਵੀ ਅਸਥੀਆਂ ਪ੍ਰਵਾਹ ਕਰਨ ਲਈ ਬੁੱਕ ਕਰ ਸਕਦਾ ਹੈ। ਇਹ ਜਗ੍ਹਾ ਨਵੰਬਰ ਤੋਂ ਵਰਤੀ ਜਾ ਰਹੀ ਹੈ ਪਰ ਕੋਵਿਡ ਪਾਬੰਦੀਆਂ ਨੇ ਇਸ ਨੂੰ ਹੁਣ ਤੱਕ ਅਧਿਕਾਰਤ ਤੌਰ 'ਤੇ ਖੋਲ੍ਹਣ ਤੋਂ ਰੋਕਿਆ ਸੀ। ਹੁਣ ਸ਼ਨੀਵਾਰ ਨੂੰ ਕਾਰਡਿਫ ਕੌਂਸਲ ਦੇ ਮੈਂਬਰਾਂ ਅਤੇ ਵੇਲਜ਼ ਦੇ ਫਸਟ ਮਨਿਸਟਰ ਮਾਰਕ ਡ੍ਰੈਕਫੋਰਡ ਦੁਆਰਾ ਇੱਕ ਸਮਾਰੋਹ ਦੌਰਾਨ ਇਸ ਨੂੰ ਅਧਿਕਾਰਤ ਤੌਰ 'ਤੇ ਖੋਲ੍ਹਿਆ ਗਿਆ।