PAK ਦੇ ਪੰਜਾ ਸਾਹਿਬ ਗੁਰਦੁਆਰੇ ’ਚ ਵਿਸਾਖੀ ਮਨਾਉਣ ਪਹੁੰਚਿਆ 815 ਭਾਰਤੀ ਸਿੱਖਾਂ ਦਾ ਜਥਾ

04/13/2021 2:43:57 PM

ਪੇਸ਼ਾਵਰ : ਵਿਸਾਖੀ ਦਾ ਤਿਉਹਾਰ ਮਨਾਉਣ ਲਈ 815 ਭਾਰਤੀ ਸਿੱਖਾਂ ਦਾ ਜਥਾ ਪਾਕਿਸਤਾਨ ਦੇ ਪੰਜਾਬ ਸੂਬੇ ’ਚ 16ਵੀਂ ਸਦੀ ਦੇ ਗੁਰਦੁਆਰਾ ਸਾਹਿਬ ਪਹੁੰਚਿਆ । ਅਵੈਕਿਊ ਟਰੱਸਟ ਬੋਰਡ ਦੇ ਅਧਿਕਾਰੀਆਂ ਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਵਾਹਗਾ ਸਰਹੱਦ ’ਤੇ ਸ਼ਰਧਾਲੂਆਂ ਦਾ ਸਵਾਗਤ ਕੀਤਾ । ਬੋਰਡ ਇਕ ਸੰਵਿਧਾਨਿਕ ਸੰਸਥਾ ਹੈ ਅਤੇ ਇਹ ਵੰਡ ਤੋਂ ਬਾਅਦ ਭਾਰਤ ਤੋਂ ਹਿਜਰਤ ਕਰਨ ਵਾਲੇ ਹਿੰਦੂਆਂ ਤੇ ਸਿੱਖਾਂ ਦੀ ਧਾਰਮਿਕ ਜਾਇਦਾਦ ਤੇ ਧਾਰਮਿਕ ਸਥਾਨਾਂ ਦੀ ਦੇਖ-ਰੇਖ ਕਰਦਾ ਹੈ।

PunjabKesari

ਵਾਹਗਾ ਬਾਰਡਰ ’ਤੇ ਯਾਤਰੀਆਂ ਲਈ ਲੰਗਰ ਦਾ ਕੀਤਾ ਗਿਆ ਪ੍ਰਬੰਧ
ਬੋਰਡ ਦੇ ਬੁਲਾਰੇ ਅਮੀਰ ਹਾਸ਼ਮੀ ਨੇ ਕਿਹਾ,‘‘ਕੁਲ 815 ਸਿੱਖ ਯਾਤਰੀ ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ ’ਚ ਵਿਸਾਖੀ ਦੀਆਂ ਰਸਮਾਂ ’ਚ ਸ਼ਾਮਿਲ ਹੋਣ ਲਈ ਭਾਰਤ ਤੋਂ ਵਾਹਗਾ ਬਾਰਡਰ ਰਾਹੀਂ ਸੋਮਵਾਰ ਪਹੁੰਚੇ।’’ ਇਹ ਗੁਰਦੁਆਰਾ ਲਾਹੌਰ ਤੋਂ ਤਕਰੀਬਨ 350 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਵਾਹਗਾ ਬਾਰਡਰ ’ਤੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਦੱਸ ਦੇਈਏ ਕਿ 13 ਅਪ੍ਰੈਲ 1699 ਨੂੰ ਸਿੱਖ ਪੰਥ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਇਸ ਦੇ ਨਾਲ ਹੀ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਇਸ ਤੋਂ  ਬਾਅਦ ਸਿੱਖ ਧਰਮ ਦੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮਾਰਗਦਰਸ਼ਕ ਬਣਾਇਆ। ਅੱਜ ਹੀ ਦੇ ਦਿਨ ਪੰਜਾਬੀ ਨਵੇਂ ਸਾਲ ਦੀ ਸ਼ੁਰੂਆਤ ਵੀ ਹੁੰਦੀ ਹੈ।

PunjabKesari

ਇਸ ਲਈ ਖਾਸ ਹੈ ਗੁਰਦੁਆਰਾ ਪੰਜਾ ਸਾਹਿਬ
ਲਾਹੌਰ ਤੋਂ 350 ਕਿਲੋਮੀਟਰ ਦੂਰ ਸਥਿਤ ਗੁਰਦੁਆਰਾ ਪੰਜਾ ਸਾਹਿਬ ਸਿੱਖਾਂ ਦੇ ਮਹੱਤਵਪੂਰਨ ਅਸਥਾਨਾਂ ’ਚੋਂ ਇਕ ਹੈ। ਮਾਨਤਾ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਇਸ ਸਥਾਨ ’ਤੇ ਆਏ ਸਨ। ਇਥੇ ਇਕ ਪਹਾੜੀ ਸੀ, ਜਿਸ ’ਤੇ ਇਕ ਫ਼ਕੀਰ ਵਲੀ ਕੰਧਾਰੀ ਰਹਿੰਦਾ ਸੀ। ਜਦੋਂ ਗੁਰੂ ਨਾਨਕ ਦੇਵ ਜੀ ਪਹਾੜੀ ਦੇ ਹੇਠਾਂ ਧਿਆਨ ਲਾ ਕੇ ਬੈਠੇ ਸਨ ਤਾਂ ਵਲੀ ਕੰਧਾਰੀ ਨੇ ਪਹਾੜੀ ਤੋਂ ਗੁਰੂ ਨਾਨਕ ਦੇਵ ਜੀ ’ਤੇ ਇਕ ਵੱਡਾ ਪੱਥਰ ਸੁੱਟ ਦਿੱਤਾ ਤਾਂ ਗੁਰੂ ਜੀ ਨੇ ਆਪਣੇ ਪੰਜੇ ਨਾਲ ਉਸ ਪੱਥਰ ਨੂੰ ਰੋਕ ਦਿੱਤਾ ਤੇ ਉਸ ਪੱਥਰ ’ਤੇ ਗੁਰੂ ਜੀ ਦੇ ਪੰਜੇ ਦੇ ਨਿਸ਼ਾਨ ਛਪ ਗਏ। ਅੱਜ ਵੀ ਗੁਰਦੁਆਰਾ ਸਾਹਿਬ ’ਚ ਉਹ ਪੱਥਰ ਰੱਖਿਆ ਹੋਇਆ ਹੈ। ਪੰਜੇ ਨਾਲ ਪੱਥਰ ਰੋਕਣ ਕਾਰਨ ਹੀ ਗੁਰਦੁਆਰੇ ਦਾ ਨਾਂ ਪੰਜਾ ਸਾਹਿਬ ਪਿਆ। ਇਸ ਗੁਰਦੁਆਰੇ ਨੂੰ 16ਵੀਂ ਸਦੀ ’ਚ ਬਣਾਇਆ ਗਿਆ ਸੀ।


Anuradha

Content Editor

Related News