ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਕਰਾਮੈਂਟੋ ’ਚ ਹੋਇਆ ਸਮਾਗਮ

Thursday, Dec 30, 2021 - 03:38 PM (IST)

ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਕਰਾਮੈਂਟੋ ’ਚ ਹੋਇਆ ਸਮਾਗਮ

ਸੈਕਰਾਮੈਂਟੋ, (ਰਾਜ ਗੋਗਨਾ) : ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ, ਸੈਕਰਾਮੈਂਟੋ ਕੈਲੀਫੋਰਨੀਆ ਵੱਲੋਂ ਗਦਰੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿਚ ਫਾਊਂਡੇਸ਼ਨ ਦੇ ਮੈਂਬਰਾਂ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਨੇ ਇਥੇ ਹਾਜ਼ਰੀ ਭਰੀ। ਇਸ ਮੌਕੇ ਬੋਲਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਗੁਲਿੰਦਰ ਸਿੰਘ ਗਿੱਲ ਨੇ ਸਮੂਹ ਸਰੋਤਿਆਂ ਦੇ ਇਥੇ ਪਹੁੰਚਣ ’ਤੇ ਧੰਨਵਾਦ ਕੀਤਾ ਅਤੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਫਾਊਂਡੇਸ਼ਨ ਦੇ ਸਰਪ੍ਰਸਤ ਚਰਨ ਸਿੰਘ ਜੱਜ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਇਕ ਇਨਕਲਾਬੀ ਲਹਿਰ ਸਨ।

ਸਾਨੂੰ ਉਨ੍ਹਾਂ ਦੇ ਵਿਚਾਰਾਂ ’ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਸ਼ਹੀਦਾਂ ਦੇ ਇਤਿਹਾਸ ਸਾਂਭਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਇਸ ਦੌਰਾਨ ਬੋਲਦਿਆਂ ਉੱਘੇ ਸਿੱਖ ਆਗੂ ਗੁਰਜਤਿੰਦਰ ਸਿੰਘ ਰੰਧਾਵਾ ਨੇ ਸੁਝਾਅ ਦਿੱਤਾ ਕਿ ਸ਼ਹੀਦ ਊਧਮ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਸ਼ਹੀਦ ਐਲਾਨਣ ਦੇ ਸਾਨੂੰ ਉਪਰਾਲੇ ਕਰਨੇ ਚਾਹੀਦੇ ਹਨ। ਸ਼ਹੀਦ ਊਧਮ ਸਿੰਘ ਨਾਲ ਸੰਬੰਧਤ ਵਸਤੂਆਂ ਅਤੇ ਦਸਤਾਵੇਜ਼ ਸੁਨਾਮ ਵਿਖੇ ਬਣੇ ਮਿਊਜ਼ਿਅਮ ਵਿਚ ਸਾਂਭਣੇ ਚਾਹੀਦੇ ਹਨ। ਭਾਰਤ ਵਿਚ ਸ਼ਹੀਦ ਊਧਮ ਸਿੰਘ ਦੇ ਵੱਖ-ਵੱਖ ਥਾਵਾਂ ’ਤੇ ਲੱਗੇ ਬੁੱਤ ਉਸ ਦੀ ਅਸਲੀ ਫੋਟੋ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਹੋਰ ਵੀ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।


author

Manoj

Content Editor

Related News