ਮਲੇਸ਼ੀਆ ਦੇ ਸਾਬਕਾ ਨੇਤਾ ਮੁਹਿਦੀਨ ’ਤੇ ਰਾਜਧ੍ਰੋਹ ਦਾ ਮੁਕੱਦਮਾ ਦਰਜ
Tuesday, Aug 27, 2024 - 02:22 PM (IST)

ਕੁਆਲਾਲੰਪੁਰ (ਏਪੀ)- ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੁਹਿਦੀਨ ਯਾਸੀਨ ’ਤੇ ਮੰਗਲਵਾਰ ਨੂੰ ਰਾਜਦ੍ਰੋਹ ਦਾ ਇਲਜ਼ਾਮ ਲਾਇਆ ਗਿਆ, ਜਿਸ ’ਚ ਉਨ੍ਹਾਂ ਨੇ ਦੇਸ਼ ਦੇ ਸਾਬਕਾ ਰਾਜਾ ਦੀ ਇਮਾਨਦਾਰੀ 'ਤੇ ਕਥਿਤ ਤੌਰ 'ਤੇ ਸਵਾਲ ਉਠਾਏ ਸਨ। ਮਾਰਚ 2020 ਤੋਂ ਅਗਸਤ 2021 ਤੱਕ ਮਲੇਸ਼ੀਆ ਦੀ ਅਗਵਾਈ ਕਰਨ ਵਾਲੇ ਮੁਹਿਦੀਨ ਨੇ ਉੱਤਰ-ਪੂਰਬੀ ਕੇਲਾਂਤਨ ਰਾਜ ਦੀ ਇਕ ਅਦਾਲਤ ’ਚ ਦੋਸ਼ ਮਨਜ਼ੂਰ ਨਹੀਂ ਕੀਤਾ। ਦੋਸ਼ਪੱਤਰ ਅਨੁਸਾਰ, ਮੁਹਿਦੀਨ ਨੇ ਪਿਛਲੇ ਮਹੀਨੇ ਕੇਲਾਂਤਨ ’ਚ ਇਕ ਉਪ-ਚੋਣ ਪ੍ਰਚਾਰ ਮੁਹਿੰਮ ਦੌਰਾਨ ਦੇਸ਼ਦ੍ਰੋਹੀ ਟਿੱਪਣੀਆਂ ਕੀਤੀਆਂ ਸਨ।
ਨੌ ਜਾਤੀ ਮਲਯ ਦੇਸ਼ ਦੇ ਸ਼ਾਸਕ ਪੰਜ ਸਾਲ ਦੇ ਕਾਰਜਕਾਲ ਲਈ ਵਾਰੀ-ਵਾਰੀ ਤੋਂ ਮਲੇਸ਼ੀਆ ਦੇ ਰਾਜਾ ਬਣਦੇ ਹਨ। ਰਾਜਸ਼ਾਹੀ ਵੱਡੇ ਪੱਧਰ 'ਤੇ ਰਸਮੀ ਭੂਮਿਕਾ ਨਿਭਾਉਂਦੀ ਹੈ ਪਰ ਦੇਸ਼ ਦੇ ਬਹੁਗਿਣਤੀ ਮੁਸਲਮਾਨ ਉਸ ਦੀ ਇੱਜ਼ਤ ਕਰਦੇ ਹਨ। ਮੁਹਿਦੀਨ ਨੇ 14 ਅਗਸਤ ਨੂੰ ਆਪਣੇ ਭਾਸ਼ਣ ’ਚ ਸਵਾਲ ਉਠਾਇਆ ਸੀ ਕਿ ਨਵੰਬਰ 2022 ’ਚ ਤ੍ਰਿਸ਼ੰਕੁ ਸੰਸਦ ਤੋਂ ਬਾਅਦ ਤਤਕਾਲੀਨ ਰਾਜਾ ਸਲਤਾਨ ਅਬਦੁੱਲਾ ਸਲਤਾਨ ਅਹਿਮਦ ਸ਼ਾਹ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਉਂ ਨਹੀਂ ਸੱਦਿਆ ਸੀ? ਮੁਹਿਦੀਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਜ਼ਿਆਦਾਤਰ ਸੰਸਦ ਮੈਂਬਰਾਂ ਦਾ ਸਮਰਥਨ ਸੀ
ਸਲਤਾਨ ਅਬਦੁੱਲਾ ਨੇ ਉਦੋਂ ਵਿਰੋਧੀ ਧਿਰ ਦੇ ਨੇਤਾ ਅਨਵਰ ਇਬ੍ਰਾਹਿਮ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਅਨਵਰ ਨੇ ਗਠਜੋੜ ਸਰਕਾਰ ਬਣਾਉਣ ਲਈ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਪ੍ਰਾਪਤ ਕੀਤਾ ਸੀ। ਮੱਧ ਪਹਾਂਗ ਰਾਜ ਦੇ ਸਲਤਾਨ ਅਬਦੁੱਲਾ ਨੇ ਇਸ ਮਾਮਲੇ 'ਤੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਉਨ੍ਹਾਂ ਦੇ ਪੁੱਤਰ ਨੇ ਮੁਹਿਦੀਨ ਦੀ ਸ਼ਰਾਰਤੀ ਨਿੰਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਖ਼ਤਰਨਾਕ ਸਨ, ਇਹ ਲੋਕਾਂ ਨੂੰ ਵੰਡ ਸਕਦੀਆਂ ਹਨ ਅਤੇ ਇਨ੍ਹਾਂ ਕਾਰਨ ਰਾਜਸ਼ਾਹੀ ’ਤੇ ਲੋਕਾਂ ਦਾ ਭਰੋਸਾ ਘਟ ਸਕਦਾ ਹੈ।