ਇਟਲੀ ਦੀ ਆਜ਼ਾਦੀ ''ਚ 8500 ਸਿੱਖ ਫੌਜੀਆਂ ਨੇ ਦਿੱਤੀ ਸੀ ਸ਼ਹਾਦਤ : ਮੇਅਰ ਅਲੀਸਾਬੇਤਾ
Thursday, Apr 27, 2023 - 02:36 AM (IST)
ਰੋਮ (ਦਲਵੀਰ ਕੈਂਥ) : ਇਟਲੀ ਦੇ ਸ਼ਹਿਰ ਲੁਸਾਰਾ ਵਿਖੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਇਟਲੀ ਅਤੇ ਨਗਰ ਕੌਂਸਲ ਲੁਸਾਰਾ ਵੱਲੋਂ ਮਿਲ ਕੇ ਇਟਲੀ ਦਾ 78ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਇਟਲੀ ਦੇ ਸੁਤੰਤਰਤਾ ਦਿਵਸ ਦਾ ਵਿਸ਼ੇਸ਼ ਕਾਫਲਾ, ਜਿਸ ਦੀ ਸ਼ੁਰੂਆਤ ਲੁਸਾਰਾ ਤੋਂ ਅਰਦਾਸ ਕਰਕੇ ਹੋਈ, ਵੱਖ-ਵੱਖ ਥਾਵਾਂ ਨੂੰ ਰਵਾਨਾ ਹੋਇਆ, ਜੋ ਕੋਦੀ ਸੋਤੋ, ਕਾਸੋਨੀ ਬੀਲਾ ਰੋਤਾ ਹੁੰਦਾ ਹੋਇਆ ਵਾਪਸ ਲੁਸਾਰਾ ਪਹੁੰਚਿਆ। ਸ਼ਹਿਰ ਲੁਸਾਰਾ ਦੀ ਮੇਅਰ ਮੈਡਮ ਅਲੀਸਾਬੇਤਾ ਸੋਤੀਲੀ ਅਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਇਟਲੀ ਵੱਲੋੰ ਮਿਲ ਕੇ ਸ਼ਹੀਦਾਂ ਨੂੰ ਸ਼ਰਧਾਂਲੀ ਭੇਟ ਕੀਤੀ ਗਈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਕਿਡਨੀ ਫੇਲ੍ਹ ਹੋਣ ਕਾਰਨ ਮੌਤ ਦੇ ਕੰਢੇ 'ਤੇ ਸੀ ਔਰਤ, ਪਾਲਤੂ ਕੁੱਤੇ ਨੇ ਬਚਾ ਲਈ ਜਾਨ
ਇਸ ਮੌਕੇ ਮੇਅਰ ਨੇ ਆਪਣੇ ਭਾਸ਼ਣ 'ਚ ਆਏ ਲੋਕਾਂ ਨੂੰ ਦੱਸਿਆ ਕਿ ਸਿੱਖਾਂ ਦਾ ਇਟਲੀ ਨੂੰ ਆਜ਼ਾਦੀ ਦਿਵਾਉਣ 'ਚ ਬਹੁਤ ਵੱਡਾ ਯੋਗਦਾਨ ਹੈ। ਬਹਾਦਰ ਸਿੱਖ ਫੌਜੀਆਂ ਨੇ ਜਿਸ ਨਿਡਰਤਾ ਨਾਲ ਦੁਸ਼ਮਣ ਨਾਲ ਲੋਹਾ ਲਿਆ, ਉਹ ਪ੍ਰਸ਼ੰਸਾਯੋਗ ਹੈ। ਇਟਲੀ ਦੀ ਆਜ਼ਾਦੀ ਵਿੱਚ 8500 ਸਿੱਖ ਫੌਜੀਆਂ ਨੇ ਸ਼ਹਾਦਤਾਂ ਦਿੱਤੀਆਂ। ਇਟਾਲੀਅਨਾਂ ਨੂੰ ਸਿੱਖ ਸ਼ਹੀਦਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬਾਅਦ ਵਿੱਚ ਆਏ ਲੋਕਾਂ ਨੂੰ ਯਾਦਗਾਰਾਂ ਵਾਲੇ ਕੈਲੰਡਰ ਬਾਰੇ ਜਾਣਕਾਰੀ ਦਿੱਤੀ ਗਈ।
ਸਮਾਗਮ 'ਚ ਸ਼ਾਮਲ ਹੋਣ ਵਾਲਿਆਂ 'ਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦੇ ਮੈਂਬਰ ਪ੍ਰਿਥੀਪਾਲ ਸਿੰਘ, ਸਤਨਾਮ ਸਿੰਘ, ਜਗਦੀਪ ਸਿੰਘ, ਇਕਬਾਲ ਸਿੰਘ ਸੋਢੀ, ਗੁਰਮੇਲ ਸਿੰਘ ਭੱਟੀ, ਜਸਬੀਰ ਸਿੰਘ ਧਨੋਤਾ, ਕੁਲਜੀਤ ਸਿੰਘ, ਗੁਰਦੇਵ ਸਿੰਘ, ਚੈਨ ਸਿੰਘ ਅਤੇ ਕਾਰਾਬਿਨੇਰੀ ਪੁਲਸ ਨਗਰ ਕੌਂਸਲ ਇਟਲੀ ਦੇ ਆਜ਼ਾਦੀ ਘੁਲਾਟੀਆਂ ਨੇ ਵੀ ਹਿੱਸਾ ਲਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।