ਕੈਨੇਡਾ ਦੇ ਸਕੂਲਾਂ ''ਚ ਕੋਰੋਨਾ ਦਾ ਧਮਾਕਾ, 81 ਵਿਦਿਆਰਥੀ ਹੋਏ ਇਕਾਂਤਵਾਸ
Thursday, Sep 03, 2020 - 09:34 AM (IST)
ਮਾਂਟਰੀਅਲ- ਕਿਊਬਿਕ ਸਿਟੀ ਵਿਚ ਦੋ ਹਾਈ ਸਕੂਲਾਂ ਵਿਚ ਕੋਰੋਨਾ ਵਾਇਰਸ ਦੇ 3 ਮਾਮਲਿਆਂ ਦੀ ਪੁਸ਼ਟੀ ਹੋਣ ਮਗਰੋਂ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਡਰ ਗਏ ਹਨ। ਇਸ ਕਾਰਨ 81 ਵਿਦਿਆਰਥੀਆਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ।
ਪੋਲੀਵੇਲੈਂਟ ਡੀ ਚਾਰਲੇਸਬਰਗ ਵਿਚ ਕੋਰੋਨਾ ਦੇ 2 ਅਤੇ ਇਕੋਲੇ ਜੀਨ ਡੀ ਬਰੇਬੁਫ ਵਿਚ ਕੋਰੋਨਾ ਦਾ ਇਕ ਮਾਮਲਾ ਸਾਹਮਣੇ ਆਉਣ ਮਗਰੋਂ ਹਰ ਕੋਈ ਡਰ ਗਿਆ। ਸਿਹਤ ਏਜੰਸੀ ਦੇ ਬੁਲਾਰੇ ਮੈਥਿਊ ਬੋਇਵਿਨ ਨੇ ਮੇਲ ਰਾਹੀਂ ਦੱਸਿਆ ਕਿ ਦੋ ਸਕੂਲਾਂ ਦੇ 81 ਵਿਦਿਆਰਥੀ 28 ਅਗਸਤ ਤੋਂ 14 ਦਿਨਾਂ ਲਈ ਇਕਾਂਤਵਾਸ ਵਿਚ ਹਨ।
ਬੋਇਵਿਨ ਨੇ ਕਿਹਾ ਕਿ ਪ੍ਰਭਾਵਿਤ ਵਿਦਿਆਰਥੀ ਕਮਿਊਨਿਟੀ ਮਾਮਲੇ ਹਨ ਕਿਉਂਕਿ ਇਹ ਸਾਰੇ ਤਿੰਨੋਂ ਸਕੂਲ ਦੇ ਬਾਹਰੋਂ ਕੋਰੋਨਾ ਦੇ ਸ਼ਿਕਾਰ ਹੋਏ ਹਨ। ਪਿਛਲੇ ਹਫਤੇ ਫਰਾਂਸੀਸੀ ਭਾਸ਼ਾ ਦੇ ਬਹੁਤੇ ਸਕੂਲ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਕਿਊਬਿਕ ਦੇ ਕੁਝ ਸਕੂਲਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਸਕੂਲਾਂ ਨੂੰ ਬੰਦ ਨਾ ਕਰਨ ਦਾ ਵਿਚਾਰ ਕੀਤਾ ਗਿਆ ਹੈ। ਹਾਲਾਂਕਿ ਵਿਦਿਆਰਥੀਆਂ ਨੂੰ ਵਧੇਰੇ ਅਲਰਟ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। 72 ਵਿਦਿਆਰਥੀਆਂ ਨੂੰ ਸਕੂਲ ਲੈ ਜਾਣ ਵਾਲੀ ਬੱਸ ਵਿਚ 44 ਵਿਦਿਆਰਥੀਆਂ ਨੂੰ ਬਿਠਾਉਣ ਦਾ ਹੁਕਮ ਦਿੱਤਾ ਗਿਆ ਹੈ। ਬੋਰਡ ਨੇ ਮਾਪਿਆ ਨੂੰ ਵੀ ਕਿਹਾ ਹੈ ਕਿ ਜੇਕਰ ਹੋ ਸਕੇ ਤਾਂ ਉਹ ਵਿਦਿਆਰਥੀਆਂ ਨੂੰ ਆਪ ਸਕੂਲ ਛੱਡ ਕੇ ਜਾਣ ਤਾਂ ਕਿ ਕੋਰੋਨਾ ਵਾਇਰਸ ਤੋਂ ਬਚਾਅ ਹੋ ਸਕੇ।