ਆਸਟ੍ਰੇਲੀਆ ''ਚ ਮਿਲੀ 8 ਅੱਖਾਂ ਵਾਲੀ ''ਖਤਰਨਾਕ ਮੱਕੜੀ'', ਦਹਿਸ਼ਤ ''ਚ ਆਈ ਮਹਿਲਾ
Thursday, Oct 08, 2020 - 01:01 AM (IST)

ਕੈਨਬਰਾ - ਆਸਟ੍ਰੇਲੀਆ ਵਿਚ ਇਕ ਮਹਿਲਾ ਨੇ ਨੀਲੇ ਰੰਗ ਦੀ 8 ਅੱਖਾਂ ਵਾਲੀ ਮੱਕੜੀ ਦੀ ਨਵੀਂ ਪ੍ਰਜਾਤੀ ਦੀ ਖੋਜ ਕੀਤੀ ਹੈ। ਅਣਜਾਣੇ ਵਿਚ ਮਿਲੀ ਇਸ ਮੱਕੜੀ ਨੂੰ ਆਪਣੇ ਘਰ ਦੇ ਪਿਛਲੇ ਪਾਸੇ ਦੇਖ ਕੇ ਮਹਿਲਾ ਵੀ ਦਹਿਸ਼ਤ ਵਿਚ ਆ ਗਈ। ਨਿਊ ਸਾਊਥ ਵੇਲਸ ਦੇ ਥਿਰੋਓਲ ਵਿਚ ਰਹਿਣ ਵਾਲੀ ਮਹਿਲਾ ਨੇ ਇਸ ਮੱਕੜੀ ਨੂੰ 18 ਮਹੀਨੇ ਪਹਿਲਾਂ ਵੀ ਦੇਖਿਆ ਸੀ। ਪਰ, ਉਦੋਂ ਉਹ ਇਸ ਨੂੰ ਦੇਖਣ ਦੇ ਦਾਅਵੇ ਨੂੰ ਸਾਬਿਤ ਨਾ ਕਰ ਸਕੀ। ਇਸ ਵਾਰ ਉਸ ਨੇ ਇਸ ਮੱਕੜੀ ਨੂੰ ਦੇਖਣ ਤੋਂ ਬਾਅਦ ਮਾਹਿਰਾਂ ਨੂੰ ਬੁਲਾਇਆ। ਜਿਨ੍ਹਾਂ ਨੇ ਇਸ ਮੱਕੜੀ ਦੀ ਪਛਾਣ ਕੀਤੀ।
ਜੋਟਸ ਬ੍ਰਸ਼ੇਡ ਜੰਪਿੰਗ ਸਪਾਈਡਰ ਦੀ ਨਵੀਂ ਪ੍ਰਜਾਤੀ
ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਮੱਕੜੀ ਦੀ ਖੋਜ ਕਰਨ ਵਾਲੀ ਇਸ ਮਹਿਲਾ ਦਾ ਨਾਂ ਅਮਾਂਡਾ ਡੀ ਜਾਰਜ ਹੈ। ਉਨ੍ਹਾਂ ਨੇ ਇਸ ਮੱਕੜੀ ਨੂੰ ਦੁਬਾਰਾ ਦੇਖਦੇ ਹੀ ਇਸ ਦੀਆਂ ਕੁਝ ਤਸਵੀਰਾਂ ਖਿੱਚ ਕੇ ਫੇਸਬੁੱਕ ਗਰੁੱਪ 'ਬੈਕਯਾਰਡ ਜੂਲਾਜ਼ੀ' 'ਤੇ ਅਪਲੋਡ ਕਰ ਦਿੱਤੀਆਂ। ਕੀੜਿਆਂ ਦੇ ਬਾਰੇ ਜਾਣਕਾਰੀ ਰੱਖਣ ਵਾਲੇ ਮਾਹਿਰਾਂ ਨੇ ਇਸ ਮੱਕੜੀ ਨੂੰ ਜੋਟਸ ਬ੍ਰਸ਼ੇਡ ਜੰਪਿੰਗ ਸਪਾਈਡਰ ਦੀ ਇਕ ਨਵੀਂ ਪ੍ਰਜਾਤੀ ਕਰਾਰ ਦਿੱਤਾ ਹੈ।
ਫੇਸਬੁੱਕ 'ਤੇ ਅਪਲੋਡ ਕੀਤੀਆਂ ਤਸਵੀਰਾਂ
ਅਮਾਂਡਾ ਜਾਰਜ ਨੇ ਆਖਿਆ ਕਿ ਜਦ ਉਹ ਆਪਣੇ ਘਰ ਦੇ ਪਿਛਲੇ ਪਾਸੇ ਕੁਝ ਕੰਮ ਕਰ ਰਹੀ ਸੀ, ਉਦੋਂ ਉਨ੍ਹਾਂ ਨੂੰ ਇਹ ਜੰਪਿੰਗ ਸਪਾਈਡਰ ਦੇਖਣ ਨੂੰ ਮਿਲੀ। ਪਹਿਲਾਂ ਤਾਂ ਉਹ ਬੇਹੱਦ ਡਰ ਗਈ। ਪਰ ਫਿਰ ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਲੈ ਕੇ ਫੇਸਬੁੱਕ 'ਤੇ ਅਪਲੋਡ ਕੀਤੀਆਂ। ਉਨ੍ਹਾਂ ਦੀ ਇਸ ਪੋਸਟ ਨੂੰ ਮੱਕੜੀ ਮਾਹਿਰਾਂ ਜੋਸੇਫ ਸ਼ੁਬਰਟ ਨੇ ਦੇਖਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਮਹਿਲਾ ਨੂੰ ਮੱਕੜੀ ਨੂੰ ਸਾਵਧਾਨੀ ਨਾਲ ਫੱੜਣ ਲਈ ਆਖਿਆ।
ਕੰਟੈਨਰ ਵਿਚ ਕੈਦ ਕਰ ਜੀਵ ਵਿਗਿਆਨੀ ਕੋਲ ਭੇਜਿਆ
ਲੰਬੀ ਜਾਂਚ ਪੜਤਾਲ ਤੋਂ ਬਾਅਦ ਅਮਾਂਡਾ ਨੇ ਇਸ ਮੱਕੜੀ ਨੂੰ ਇਕ ਖਾਲੀ ਕੰਟੈਨਰ ਵਿਚ ਕੈਦ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਇਕ ਹੋਰ ਮੱਕੜੀ ਵੀ ਉਨ੍ਹਾਂ ਨੇ ਫੜਿਆ ਸੀ, ਪਰ ਉਨ੍ਹਾਂ ਡਰ ਸੀ ਕਿ ਕਿਤੇ ਇਹ ਇਕ ਦੂਜੇ ਨੂੰ ਖਾ ਨਾ ਲੈਣ। ਇਸ ਲਈ, ਉਨ੍ਹਾਂ ਨੇ ਦੋਹਾਂ ਮੱਕੜੀਆਂ ਨੂੰ ਅਲੱਗ-ਅਲੱਗ ਕੰਟੈਨਰ ਵਿਚ ਕੈਦ ਕਰ ਲਿਆ। ਉਨ੍ਹਾਂ ਨੇ ਦੋਹਾਂ ਮੱਕੜੀਆਂ ਨੂੰ ਜੋਸੇਫ ਸ਼ੁਬਰਟ ਕੋਲ ਭੇਜ ਦਿੱਤਾ।
ਮਿਊਜ਼ੀਅਮ ਵਿਕਟੋਰੀਆ ਦੇ ਖੁੱਲ੍ਹਣ 'ਤੇ ਰੱਖਿਆ ਜਾਵੇਗਾ ਨਾਂ
ਅਜੇ ਤੱਕ ਮੱਕੜੀ ਦੀ ਇਸ ਪ੍ਰਜਾਤੀ ਦਾ ਨਾਂ ਪਤਾ ਨਹੀਂ ਲੱਗਾ ਹੈ। ਸ਼ੁਬਰਟ ਮੁਤਾਬਕ, ਜਿਵੇਂ ਹੀ ਮਿਊਜ਼ੀਅਮ ਵਿਕਟੋਰੀਆ ਦੀ ਲੈਬ ਦੁਬਾਰਾ ਖੁੱਲ੍ਹੇਗੀ, ਉਂਝ ਹੀ ਇਸ ਮੱਕੜੀ ਦਾ ਰਸਮੀ ਰੂਪ ਨਾਲ ਨਾਂ ਰੱਖਿਆ ਜਾਵੇਗਾ ਅਤੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਮੱਕੜੀ ਦੀ ਖੋਜ ਕਰਨ 'ਤੇ ਅਮਾਂਡਾ ਨੇ ਕਿਹਾ ਕਿ ਸਾਇੰਸ ਲਈ ਕੁਝ ਕਰਨ ਨਾਲ ਉਨ੍ਹਾਂ ਬੇਹੱਦ ਖੁਸ਼ੀ ਹੋ ਰਹੀ ਹੈ।