ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਧਮਾਕੇ ''ਚ 7 ਦੀ ਮੌਤ, ਪੀੜਤ ਪਰਿਵਾਰਾਂ ਲਈ ਮਦਦ ਰਾਸ਼ੀ ਦਾ ਐਲਾਨ
Sunday, Apr 14, 2024 - 02:38 PM (IST)
ਰੋਮ(ਦਲਵੀਰ ਕੈਂਥ) - ਇਮਿਲੀਆ ਰੋਮਾਨਾ ਸੂਬੇ ਦੇ ਜਿ਼ਲ੍ਹਾ ਬਲੋਨੀਆਂ ਸ਼ਹਿਰ ਬਰਗੀ ਸਥਿਤ ਐਨਲ ਦੇ ਹਾਈਡ੍ਰੋਇਲੈਕ੍ਰਟਿਕ ਪਾਵਰ ਪਲਾਂਟ ਵਿੱਚ ਮੰਗਲਵਾਰ ਹੋਏ ਬੇਸਮੈਂਟ ਦੀ ਨੌਵੀ ਮੰਜਿ਼ਲ ਵਿੱਚ ਲਗਭਗ 40 ਮੀਟਰ ਹੇਠਾਂ ਜਬਰਦਸਤ ਧਮਾਕੇ ਕਾਰਨ ਸਾਰਾ ਪਲਾਂਟ ਹਿਲ ਗਿਆ ਸੀ।ਇਹ ਧਮਾਕਾ ਜਿਸ ਦਾ ਠੋਸ ਕਾਰਨ ਹਾਲੇ ਜਾਂਚ ਅਧੀਨ ਹੈ ਪਰ ਜਾਂਚ ਕਰਤਾਵਾਂ ਦਾ ਅਨੁਮਾਨ ਹੈ ਕਿ ਇਹ ਧਮਾਕਾ ਟਰਬਾਈਨ ਦੇ ਫੱਟਣ ਕਾਰਨ ਹੋਇਆ ਹੈ ਜਿਸ ਵਿੱਚ 7 ਇਟਾਲੀਅਨ ਲੋਕਾਂ ਦੀ ਮੌਤ ਕਾਰਨ 7 ਘਰਾਂ ਦੇ ਚਿਰਾਗ ਬੁੱਝ ਗਏ ਤੇ 5 ਲੋਕ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ।ਧਮਾਕੇ ਦੇ 4 ਦਿਨ ਮਗਰੋਂ ਰਾਹਤ ਕਰਮਚਾਰੀਆਂ ਨੇ ਕਾਫ਼ੀ ਜੱਦੋ-ਜਹਿਦ ਦੇ ਬਾਅਦ ਰਾਤ 7ਵੇਂ ਲਾਪਤਾ ਕਰਮਚਾਰੀ ਦੀ ਵੀ ਲਾਸ਼ ਲੱਭ ਲਈ ਹੈ। ਪਾਵਰ ਪਲਾਂਟ ਦੀ ਬੇਸਮੈਂਟ ਦੀ 9ਵੀਂ ਮੰਜਿ਼ਲ ਵਿੱਚ ਹੋਏ ਧਮਾਕੇ ਕਾਰਨ ਕਈ ਤਰ੍ਹਾਂ ਦੇ ਪਏ ਪਦਾਰਥ ਫੱਟ ਗਏ ਜਿਹਨਾਂ ਵਿੱਚੋਂ ਲੀਕ ਹੋਈਆ ਤੇਲ ਲੁਬਰੀਕਿੰਟ ਪਾਣੀ ਉਪੱਰ ਫੈਲ ਗਿਆ ਤੇ ਬੇਸਮੈਂਟ ਦੀ 8 ਮੰਜਿ਼ਲ ਪੂਰੀ ਤਰ੍ਹਾਂ ਪਾਣੀ ਨਾਲ ਨੱਕੋ-ਨੱਕ ਭਰ ਗਈ ਜਿਸ ਦੇ ਚੱਲਦਿਆਂ ਰਾਹਤ ਕਰਮਚਾਰੀਆਂ ਨੂੰ ਇਸ ਹਾਦਸੇ ਵਿੱਚ ਫਸੇ ਕਰਮਚਾਰੀਆਂ ਨੂੰ ਬਾਹਰ ਲੱਭਣ ਵਿੱਚ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮ੍ਹਣਾ ਕਰਨਾ ਪਿਆ।
ਰਾਤ ਦੇ ਸਮੇਂ ਜਿਸ ਕਰਮਚਾਰੀ ਦੀ ਲਾਸ਼ ਮਿਲੀ ਹੈ ਉਸ ਦਾ ਨਾਮ ਵਿਚੈਂਸੋ ਗਰਜੀਲੋ(68)ਨਾਪੋਲੀ ਦਾ ਰਹਿਣ ਵਾਲਾ ਸੀ ਉਸ ਤੋਂ ਪਹਿਲਾਂ ਅਦਰੀਆਨੋ ਸਕੈਨਡਿਲਾਰੀ (57),ਪਾਓਲੋ ਕਜੀਰਾਘੀ(59) ,ਅਲਸਾਂਦਰੋ ਦ ਅਦਰੀਆ(36)ਮਾਰੀਓ ਪਿਸਾਨੀ(73),ਵਿਚੈਂਸੋ ਫਰਾਂਨਕੀਨਾ(35) ਤੇ ਪੇਤਰੋਨਿਲ ਪਾਵੇਲ ਤਨਾਜੇ(45)ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ।
ਇਸ ਹਾਦਸੇ ਵਿੱਚ 1-2 ਕਰਮਚਾਰੀ ਬਿਲਕੁਲ ਸੁੱਰਖਿਅਤ ਵੀ ਬਚੇ ਹਨ ਕਿਉਂਕਿ ਜਦੋਂ ਧਮਾਕਾ ਹੋਇਆ ਤਾਂ ਉਹ ਫੁਰਤੀ ਨਾਲ ਪਾਵਰ ਪਲਾਂਟ ਵਿੱਚੋ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ।ਐਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਦੀ ਮੈਨੇਜ਼ਮੈਂਟ ਨੇ ਹਾਦਸੇ ਵਿੱਚ ਪੀੜਤ ਪਰਿਵਾਰਾਂ ਨੂੰ 20 ਲੱਖ ਯੂਰੋ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਹੈ।
ਜਿ਼ਕਰਯੋਗ ਹੈ ਕਿ 2021 ਤੱਕ ਇਟਲੀ ਭਰ ਵਿੱਚ ਅਜਿਹੇ 4,646 ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਹਨ ਜਿਹੜੇ ਕਿ ਇਟਲੀ ਖਾਸਕਰ ਉੱਤਰੀ ਇਟਲੀ ਵਿੱਚ ਰਾਸ਼ਟਰੀ ਬਿਜਲੀ ਖਪਤ ਦੇ 14 ਫੀਸਦੀ ਤੋਂ ਵੱਧ ਹਿੱਸੇ ਨੂੰ ਸੰਭਾਲਦੇ ਹਨ। ਇਸ ਘਟਨਾ ਦੀ ਇਟਲੀ ਦੀਆਂ ਭਰਾਤਰੀ ਜੱਥੇਬੰਦੀਆਂ ਨੇ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਮਜ਼ਦੂਰਾਂ ਲਈ ਹੋਰ ਸੁੱਰਖਿਆ ਕਾਨੂੰਨ ਬਣਾਵੇ ਤਾਂ ਜੋ ਕੰਮਾਂ ਦੌਰਾਨ ਮਜਦੂਰਾਂ ਦੀਆਂ ਕੀਮਤੀ ਜਿੰਦਗੀਆਂ ਸੁੱਰਖਿਅਤ ਰਹਿ ਸਕਣ।