ਨੇਪਾਲ ''ਚ ਬਰਫ਼ ਦੇ ਤੋਦੇ ਡਿੱਗਣ ਕਾਰਨ 2 ਔਰਤਾਂ ਸਮੇਤ 6 ਲੋਕ ਲਾਪਤਾ

Wednesday, May 03, 2023 - 04:25 PM (IST)

ਨੇਪਾਲ ''ਚ ਬਰਫ਼ ਦੇ ਤੋਦੇ ਡਿੱਗਣ ਕਾਰਨ 2 ਔਰਤਾਂ ਸਮੇਤ 6 ਲੋਕ ਲਾਪਤਾ

ਕਾਠਮੰਡੂ (ਭਾਸ਼ਾ)- ਨੇਪਾਲ ਦੇ 2 ਦੂਰ-ਦੁਰਾਡੇ ਪਹਾੜੀ ਇਲਾਕਿਆਂ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 2 ਔਰਤਾਂ ਸਮੇਤ ਘੱਟੋ-ਘੱਟ 6 ਲੋਕ ਲਾਪਤਾ ਹੋ ਗਏ ਹਨ। ਇਹ ਸਾਰੇ ਇੱਕ ਕੀਮਤੀ ਜੜੀ ਬੂਟੀ ਇਕੱਠੀ ਕਰ ਰਹੇ ਸਨ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਯਾਰਸ਼ਾਗੁੰਬਾ ਜੜੀ-ਬੂਟੀ ਨੂੰ ਜੀਵਨ ਬਚਾਉਣ ਅਤੇ ਜਿਨਸੀ ਸ਼ਕਤੀ ਵਧਾਉਣ ਵਾਲੀ ਮੰਨਿਆ ਜਾਂਦਾ ਹੈ। ਇਸ ਨੂੰ ਕੈਟਰਪਿਲਰ ਫੰਗਸ ਵੀ ਕਿਹਾ ਜਾਂਦਾ ਹੈ ਅਤੇ ਇਹ ਹਿਮਾਲਿਆ ਦੀਆਂ ਉੱਚੇ ਸਥਾਨਾਂ 'ਤੇ ਪਾਈ ਜਾਂਦੀ ਹੈ।

ਇਸ ਘਟਨਾ ਵਿਚ ਦਾਰਚੂਲਾ ਜ਼ਿਲ੍ਹੇ ਦੇ ਪਹਾੜੀ ਖੇਤਰ ਵਿੱਚ ਮੰਗਲਵਾਰ ਨੂੰ ਬਰਫ਼ ਦੇ ਤੋਦੇ ਡਿੱਗਣ ਕਾਰਨ 12 ਲੋਕ ਬਰਫ਼ ਦੇ ਹੇਠਾਂ ਦੱਬ ਗਏ ਸਨ, ਜਿਨ੍ਹਾਂ ਨੇ ਜੜੀ-ਬੂਟੀ ਇਕੱਠੀ ਕਰਨ ਲਈ ਟੈਂਟ ਲਗਾਏ ਹੋਏ ਸਨ। ਇਨ੍ਹਾਂ 'ਚੋਂ 7 ਲੋਕਾਂ ਨੂੰ ਸੁਰੱਖਿਆ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਿੰਦਾ ਬਚਾਇਆ ਗਿਆ। ਪੁਲਸ ਮੁਤਾਬਕ ਬੁੱਧਵਾਰ ਦੁਪਹਿਰ ਤੱਕ ਇਕ ਔਰਤ ਸਮੇਤ 5 ਲੋਕਾਂ ਦਾ ਪਤਾ ਨਹੀਂ ਲੱਗ ਸਕਿਆ।

'ਦਿ ਹਿਮਾਲੀਅਨ ਟਾਈਮਜ਼' ਅਖ਼ਬਾਰ ਨੇ ਡਿਪਟੀ ਸੁਪਰਡੈਂਟ ਆਫ ਪੁਲਸ ਈਸ਼ਵਰੀ ਦੱਤ ਭੱਟ ਦੇ ਹਵਾਲੇ ਨਾਲ ਦੱਸਿਆ ਕਿ 25 ਸੁਰੱਖਿਆ ਕਰਮਚਾਰੀਆਂ ਦੀ ਟੀਮ ਘਟਨਾ ਸਥਾਨ ਲਈ ਰਵਾਨਾ ਹੋ ਗਈ ਹੈ। ਇੱਕ ਹੋਰ ਘਟਨਾ ਵਿੱਚ, ਇੱਕ 32 ਸਾਲਾ ਔਰਤ ਯਾਰਸ਼ਾਗੁੰਬਾ ਇਕੱਠਾ ਕਰਦੇ ਸਮੇਂ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਲਾਪਤਾ ਹੋ ਗਈ। ਇਸ ਜੜੀ ਬੂਟੀ ਦੀ ਨੇਪਾਲੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਹੁਤ ਮੰਗ ਹੈ।


author

cherry

Content Editor

Related News