ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਧਰਤੀ
Saturday, Aug 09, 2025 - 11:32 PM (IST)

ਮਾਸਕੋ- ਰੂਸ ਦੇ ਉੱਤਰੀ ਪ੍ਰਸ਼ਾਂਤ ਮਹਾਂਸਾਗਰ 'ਚ ਸਥਿਤ ਕੁਰਿਲ ਟਾਪੂਆਂ 'ਚ 6.4 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਹੈ। ਯੂਰਪੀ-ਭੂ-ਮੱਧ ਸਾਗਰੀ ਭੂਕੰਪ ਵਿਗਿਆਨ ਕੇਂਦਰ ਮੁਤਾਬਕ, ਇਹ ਇਲਾਕਾ ਪਿਛਲੇ ਮਹੀਨੇ 8.8 ਤੀਬਰਤਾ ਦੇ ਭੂਚਾਲ ਦਾ ਕੇਂਦਰ ਵੀ ਰਹਿ ਚੁੱਕਾ ਹੈ।
3 ਅਗਸਤ ਨੂੰ ਵੀ ਕੁਰਿਲ ਟਾਪੂਆਂ 'ਚ 6.8 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ, ਜਿਸ ਕਾਰਨ ਰੂਸ ਦੇ ਕਈ ਹਿੱਸਿਆਂ 'ਚ ਸੁਨਾਮੀ ਚੇਤਾਵਨੀ ਜਾਰੀ ਕੀਤੀ ਗਈ ਸੀ।
30 ਜੁਲਾਈ ਨੂੰ ਰੂਸ ਦੇ ਕਾਮਚਾਤਕਾ ਪ੍ਰਾਇਦੀਪ ਦੇ ਪੂਰਬੀ ਤਟ ਤੋਂ ਦੂਰ 8.8 ਤੀਬਰਤਾ ਦਾ ਭਾਰੀ ਭੂਚਾਲ ਆਇਆ ਸੀ। ਇਸ ਭੂਚਾਲ ਨੇ ਪ੍ਰਸ਼ਾਂਤ ਮਹਾਂਸਾਗਰ ਦੇ ਕਈ ਦੇਸ਼ਾਂ ਵਿਚ ਵਿਆਪਕ ਸੁਨਾਮੀ ਚੇਤਾਵਨੀਆਂ ਜਾਰੀ ਕਰਨ 'ਤੇ ਮਜਬੂਰ ਕਰ ਦਿੱਤਾ ਸੀ। ਕਾਮਚਾਤਕਾ ਦੇ ਕੁਝ ਖੇਤਰਾਂ 'ਚ ਚਾਰ ਮੀਟਰ ਤੱਕ ਉੱਚੀਆਂ ਲਹਿਰਾਂ ਦਰਜ ਹੋਈਆਂ, ਜਿਸ ਕਾਰਨ ਸੇਵਰੋ-ਕੁਰਿਲਸਕ ਵਰਗੇ ਤਟੀਆ ਸ਼ਹਿਰਾਂ 'ਚ ਲੋਕਾਂ ਨੂੰ ਤੁਰੰਤ ਖਾਲੀ ਕਰਵਾਇਆ ਗਿਆ।
ਭੂਚਾਲ ਦਾ ਕੇਂਦਰ ਪੈਸਿਫਿਕ ਪਲੇਟ ਅਤੇ ਓਖੋਤਸਕ ਸੀ ਪਲੇਟ (ਜਿਸਨੂੰ ਇਸ ਖੇਤਰ 'ਚ ਨਾਰਥ ਅਮਰੀਕਨ ਪਲੇਟ ਦਾ ਹਿੱਸਾ ਵੀ ਮੰਨਿਆ ਜਾਂਦਾ ਹੈ) ਦੇ ਟਕਰਾਅ ਵਾਲੇ ਖੇਤਰ — ਕੁਰਿਲ-ਕਾਮਚਾਤਕਾ ਖਾਈ 'ਚ ਸੀ।
ਇਹ ਲੜੀਵਾਰ ਭੂਚਾਲ "ਰਿੰਗ ਆਫ ਫਾਇਰ" ਦੇ ਖਤਰੇ ਨੂੰ ਫਿਰ ਸਾਬਤ ਕਰਦੇ ਹਨ। "ਰਿੰਗ ਆਫ ਫਾਇਰ" ਪ੍ਰਸ਼ਾਂਤ ਮਹਾਂਸਾਗਰ ਦੇ ਕਿਨਾਰਿਆਂ 'ਤੇ ਘੋੜੇ ਦੀ ਨਾਲ ਆਕਾਰ ਵਾਲਾ ਖੇਤਰ ਹੈ, ਜੋ ਕਈ ਟੈਕਟੋਨਿਕ ਪਲੇਟਾਂ ਦੀਆਂ ਸਰਹੱਦਾਂ 'ਤੇ ਸਥਿਤ ਹੋਣ ਕਾਰਨ ਭੂਚਾਲ ਅਤੇ ਸੁਨਾਮੀਆਂ ਲਈ ਬਦਨਾਮ ਹੈ।