ਅਮਰੀਕਾ : 550ਵੇਂ ਗੁਰਪੁਰਬ ''ਤੇ ''ਦੇਸ਼ ਦੁਆਬਾ'' ਵੱਲੋਂ ਵਿਸ਼ੇਸ਼ ਧੰਨਵਾਦ ਸਮਾਗਮ
Wednesday, Dec 25, 2019 - 05:37 AM (IST)

ਹੇਵਰਡ, (ਨੀਟਾ ਮਾਛੀਕੇ)— ਕੈਲੀਫੋਰਨੀਆ 'ਚ ਬਹੁਤ ਸਾਰੇ ਪੰਜਾਬੀ ਅਖਬਾਰ ਆਪਣੀ ਮਾਂ ਬੋਲੀ ਦੀ ਸੇਵਾ ਅਤੇ ਖਬਰਾਂ ਸਮੁੱਚੇ ਭਾਈਚਾਰੇ ਤੱਕ ਨਿਭਾਉਣ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਅ ਰਹੇ ਹਨ। ਇਹ ਸਭ ਅਖ਼ਬਾਰਾਂ ਪ੍ਰਬੰਧਕਾਂ ਵਲੋਂ ਪਾਠਕਾਂ ਤੱਕ ਮੁਫ਼ਤ 'ਚ ਪਹੁੰਚਾਈਆਂ ਜਾਦੀਆਂ ਹਨ। ਜਿਨ੍ਹਾਂ ਨੂੰ ਚਲਾਉਣ ਵਿੱਚ ਕੁਝ ਖ਼ਾਸ ਵਿਅਕਤੀ ਮਦਦ ਕਰਦੇ ਹਨ। ਇਨ੍ਹਾਂ ਹੀ ਮਦਦਗਾਰਾਂ ਦੇ ਧੰਨਵਾਦ ਲਈ ਅਖ਼ਬਾਰਾਂ ਦੇ ਪ੍ਰਬੰਧਕ ਸਮੇਂ-ਸਮੇਂ ਪ੍ਰੋਗਰਾਮ ਕਰਦੇ ਹਨ। ਇਸੇ ਲੜੀ ਅਧੀਨ ਨਿਰਪੱਖ, ਨਿਧੜਕ ਅਤੇ ਸਮਾਜ ਸੇਵਾ ਦੇ ਧਾਰਨੀ ਅਖਬਾਰ 'ਦੇਸ਼ ਦੁਆਬਾ' ਦੇ ਮੁੱਖ ਸੰਪਾਦਕ ਪ੍ਰੇਮ ਚੁੰਬਰ ਨੇ ਸਹਿਯੋਗੀਆਂ ਦੀ ਮਦਦ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਧੰਨਵਾਦ ਪ੍ਰੋਗਰਾਮ ਕੀਤਾ।
ਇਸ ਸਮੇਂ ਗੁਰੂ ਜੀ ਦੇ ਸੱਚੇ ਮਿਸ਼ਨ ਅਤੇ ਮੀਡੀਏ ਦੀਆਂ ਜ਼ੁੰਮੇਵਾਰੀਆਂ ਸੰਬੰਧੀ ਵਿਚਾਰਾਂ ਹੋਈਆਂ। ਸਿੱਖ ਇਤਿਹਾਸ ਬਾਰੇ ਕੁਰਬਾਨੀਆਂ ਦੀ ਗੱਲ ਕਰਦੇ ਹੋਏ ਬਹੁਤ ਸਾਰੇ ਬੁਲਾਰਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਿਜਦਾ ਕੀਤਾ। ਇਸ ਦੌਰਾਨ ਸਮੁੱਚੇ ਮੀਡੀਏ ਨਾਲ ਸ਼ਖ਼ਸੀਅਤਾਂ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ, ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਹੋਏ। ਇਸ ਪ੍ਰੋਗਰਾਮ ਦੌਰਾਨ ਬੁਲਾਰਿਆਂ ਨੇ ਪੰਜਾਬੀ ਮਾਂ ਬੋਲੀ ਦੇ ਵਿਕਾਸ ਅਤੇ 'ਦੇਸ਼ ਦੁਆਬਾ' ਅਖਬਾਰ ਦੀ ਟੀਮ ਨੂੰ ਸਫਲਤਾ ਲਈ ਵਧਾਈਆਂ ਦਿੱਤੀਆਂ। ਸਟੇਜ ਸੰਚਾਲਨ ਜਸਵੰਤ ਸਿੰਘ ਸਾਦ ਨੇ ਕੀਤਾ। ਜਦ ਕਿ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਕਵੀਆਂ ਵਲੋਂ ਕਵਿਤਾਵਾਂ ਪੜ੍ਹੀਆਂ ਗਈਆਂ। ਇਹ ਇਸ ਅਖਬਾਰ ਦਾ ਪਲੇਠਾ ਪ੍ਰੋਗਰਾਮ ਸੀ, ਜਿਸ ਸਮੇਂ ਹਾਜ਼ਰੀਨ ਦੇ ਮਨੋਰੰਜਨ ਲਈ ਬਹੁਤ ਸਾਰੇ ਕਲਾਕਾਰਾਂ ਵਲੋਂ ਗੀਤ-ਸੰਗੀਤ ਅਤੇ ਸੁਆਦਿਸ਼ਟ ਰਾਤਰੀ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਮੇਂ ਪ੍ਰੇਮ ਚੁੰਬਰ ਨੇ ਸਭ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਮੂਹ ਸਹਿਯੋਗੀਆਂ ਅਤੇ ਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।