ਬ੍ਰਿਟਿਸ਼ ਕੋਲੰਬੀਆ 'ਚ ਕੋਰੋਨਾ ਦੇ 519 ਨਵੇਂ ਮਾਮਲੇ, 63 ਹਜ਼ਾਰ ਤੋਂ ਵੱਧ ਲੋਕਾਂ ਨੂੰ ਲੱਗਾ ਟੀਕਾ
Thursday, Jan 14, 2021 - 12:47 PM (IST)
ਵੈਨਕੁਵਰ- ਬ੍ਰਿਟਿਸ਼ ਕੋਲੰਬੀਆ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 519 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੌਰਾਨ 12 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਸਿਹਤ ਅਧਿਕਾਰੀਆਂ ਮੁਤਾਬਕ ਸੂਬੇ ਵਿਚ 4,810 ਮਾਮਲੇ ਸਰਗਰਮ ਹਨ ਅਤੇ 360 ਲੋਕ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ ਤੇ 76 ਲੋਕ ਆਈ. ਸੀ. ਯੂ. ਵਿਚ ਭਰਤੀ ਹਨ। ਜਦੋਂ ਦਾ ਕੋਰੋਨਾ ਫੈਲਿਆ ਹੈ ਸੂਬੇ ਵਿਚ 59,072 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ 1,031 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੂਬਾਈ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਲਿਖਤੀ ਬਿਆਨ ਵਿਚ ਕਿਹਾ ਕਿ ਸੂਬੇ ਵਿਚ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ ਤੇ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਸਭ ਤੋਂ ਵੱਧ ਮਾਮਲੇ ਲੋਅਰ ਮੇਨਲੈਂਡ ਵਿਚ ਦਰਜ ਹੋਏ ਹਨ, ਜਿੱਥੇ 235 ਲੋਕ ਕੋਰੋਨਾ ਦੇ ਸ਼ਿਕਾਰ ਹੋਏ। ਵੈਨਕੁਵਰ ਵਿਚ 117 ਮਾਮਲੇ ਦਰਜ ਹੋਏ ਹਨ। ਉੱਤਰੀ ਖੇਤਰ ਵਿਚ 45 ਅਤੇ ਆਈਲੈਂਡ ਵਿਚ 34 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ।
ਦੱਸ ਦਈਏ ਕਿ ਸੂਬੇ ਵਿਚ ਕੋਰੋਨਾ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ ਤੇ ਹੁਣ ਤੱਕ 63,430 ਲੋਕ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ। ਤਰਜੀਹ ਦੇ ਆਧਾਰ 'ਤੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।