ਟੋਰਾਂਟੋ ਜਾ ਰਹੇ 50 ਭਾਰਤੀ ਯਾਤਰੀ ਏਅਰਪੋਰਟ ''ਤੇ ਹੋ ਰਹੇ ਖੱਜਲ ਖ਼ਰਾਬ, ਫਰਸ਼ ''ਤੇ ਸੌਂਣ ਲਈ ਹੋਏ ਮਜ਼ਬੂਰ

06/28/2024 4:27:17 PM

ਰੋਮ (ਦਲਵੀਰ ਕੈਂਥ)- ਪੋਲੈਂਡ ਦੀ ਲੌਟਪੋਲਿਸ਼ ਏਅਰ ਲਾਈਨ ਰਾਹੀਂ ਦਿੱਲੀ ਤੋਂ ਟੋਰਾਂਟੋ ਜਾ ਰਹੇ 50 ਦੇ ਕਰੀਬ ਭਾਰਤੀ ਯਾਤਰੀ ਪੋਲੈਂਡ ਦੇ ਵਾਰਸਾਅ ਅੰਤਰ ਰਾਸ਼ਟਰੀ ਹਵਾਈ ਅੱਡੇ 'ਤੇ ਖੱਜਲ ਖ਼ਰਾਬ ਹੋ ਰਹੇ ਹਨ। ਇਸ ਫਲਾਈਟ 'ਚ ਸਫ਼ਰ ਕਰ ਰਹੇ ਯਾਤਰੀਆਂ ਸੁਖਵਿੰਦਰ ਕੌਰ ਬਖਤਗੜ, ਜੁਗਰਾਜ ਸਿੰਘ ਰਈਆ ਅਤੇ ਹਰਦੇਵ ਸਿੰਘ ਗੋਪਾਲਪੁਰ ਵਲੋਂ 'ਜਗ ਬਾਣੀ' ਨੂੰ ਭੇਜੀ ਜਾਣਕਾਰੀ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਜਾਣ ਲਈ ਪੋਲੈਂਡ ਦੀ ਉਪਰੋਕਤ ਏਅਰ ਲਾਈਨ ਲਈ ਸੀ ਜਿਸ ਦੀ ਸਟੇਅ ਵਾਰਸਾਅ ਹਵਾਈ ਅੱਡੇ 'ਤੇ ਸੀ। ਜਦੋਂ ਉਨ੍ਹਾਂ ਦਾ ਜਹਾਜ਼ ਵਾਰਸਾਅ ਪਹੁੰਚਿਆ ਤਾਂ ਉਸ ਜਹਾਜ਼ ਦੇ 400 ਦੇ ਕਰੀਬ ਯਾਤਰੀਆਂ ਨੂੰ ਦੱਸਿਆ ਗਿਆ ਕਿ ਟੋਰਾਂਟੋ ਜਾਣ ਵਾਲੇ ਜਹਾਜ਼ 'ਚ ਤਕਨੀਕੀ ਖ਼ਰਾਬੀ ਆ ਗਈ ਹੈ। ਇਸ ਕਰਕੇ ਉਨ੍ਹਾਂ ਨੂੰ ਅਗਲੇ ਜਹਾਜ਼ 'ਚ ਅੱਗੇ ਭੇਜਿਆ ਜਾਵੇਗਾ। 

ਉਪਰੋਕਤ ਯਾਤਰੀਆਂ ਨੇ ਏਅਰ ਲਾਈਨ ਦੇ ਅਧਿਕਾਰੀਆਂ 'ਤੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਉਨ੍ਹਾਂ ਬਾਕੀ ਦੇਸ਼ਾ ਦੇ ਲੋਕਾਂ ਨੂੰ ਤਾਂ ਨਾਲ ਦੀ ਨਾਲ ਦੂਜੀਆਂ ਫਲਾਈਟਾਂ ਰਾਹੀਂ ਰਵਾਨਾ ਕਰ ਦਿੱਤਾ ਪਰ ਭਾਰਤੀ ਯਾਤਰੀਆਂ ਨੂੰ ਖੱਜਲ ਕਰ ਰਹੇ ਹਨ। ਉਨ੍ਹਾਂ ਨੂੰ 48 ਘੰਟੇ ਤੱਕ ਦੀਆਂ ਅਗਲੀਆਂ ਫਲਾਈਟਾਂ 'ਚ ਦੁਬਈ ਜਾਂ ਲੰਡਨ ਰਾਹੀ ਟੋਰਾਂਟੋ ਭੇਜਿਆ ਜਾ ਰਿਹਾ ਹੈ। ਇੰਨੇ ਜਿਆਦਾ ਘੰਟੇ ਲੇਟ ਫਲਾਈਟ ਦੇਣ ਦੇ ਬਾਵਯੂਦ ਯਾਤਰੀਆਂ ਨੂੰ ਨਾ ਤਾਂ ਹੋਟਲ ਦਿੱਤਾ ਗਿਆ ਅਤੇ ਨਾ ਹੀ ਯਾਤਰੀਆਂ ਨੂੰ ਕੋਈ ਭੋਜਨ ਦਿੱਤਾ ਗਿਆ। ਇਸ ਸਭ ਦੇ ਚੱਲਦਿਆਂ ਯਾਤਰੀ ਹਵਾਈ ਅੱਡੇ ਦੇ ਫਰਸ਼ 'ਤੇ ਸੌਂਣ ਲਈ ਮਜ਼ਬੂਰ ਹੋ ਰਹੇ ਹਨ। ਯਾਤਰਾ ਕਰ ਰਹੇ ਬਜ਼ੁਰਗ ਯਾਤਰੀ ਜਿਨ੍ਹਾਂ ਦੀਆਂ ਦਵਾਈਆਂ ਚੈਕ ਇਨ ਬੈਗ 'ਚ ਹਨ ਉਹ ਬਿਨਾਂ ਦਵਾਈ ਦੇ ਏਅਰਪੋਰਟ 'ਤੇ ਇੰਨੇ ਘੰਟੇ ਬਿਤਾ ਰਹੇ ਹਨ। ਯਾਤਰੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਏਅਰਲਾਈਨ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਫਲਾਈਟ 'ਚ ਯਾਤਰਾ ਕਰਨ ਵਾਲੇ ਯਾਤਰੀ ਖੱਜਲ ਖਵਾਰ ਨਾ ਹੋ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News