ਟੈਕਸਾਸ ’ਚ ਗੋਲੀਬਾਰੀ, 5 ਲੋਕਾਂ ਦੀ ਮੌਤ ਤੇ 21 ਜ਼ਖਮੀ
Sunday, Sep 01, 2019 - 08:06 AM (IST)
ਟੈਕਸਾਸ— ਅਮਰੀਕਾ ਦੇ ਸੂਬੇ ਟੈਕਸਾਸ ’ਚ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਦੁਪਹਿਰ ਸਮੇਂ ਗੋਲੀਬਾਰੀ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 21 ਲੋਕ ਜ਼ਖਮੀ ਹੋ ਗਏ। ਓਡੇਸਾ ਪੁਲਸ ਮੁਤਾਬਕ ਮਿਡਲੈਂਡ ਅਤੇ ਓਡੇਸਾ ਨੂੰ ਜੋੜਨ ਵਾਲੇ ਹਾਈਵੇਅ ’ਤੇ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਸਥਾਨਕ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਕਾਰਵਾਈ ਦੌਰਾਨ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀ ਮੋਟਰ ਸਾਈਕਲ ’ਤੇ ਆਇਆ ਅਤੇ ਫਿਰ ਉਸ ਨੇ ਡਾਕ ਵਿਭਾਗ ਦੇ ਟਰੱਕ ਨੂੰ ਹਾਈਜੈਕ ਕੀਤਾ ਤੇ ਉੱਥੇ ਮੌਜੂਦ ਲੋਕਾਂ ’ਤੇ ਗੋਲੀਆਂ ਚਲਾਈਆਂ।
ਓਡੇਸਾ ਪੁਲਸ ਵਿਭਾਗ ਨੇ ਫੇਸਬੁੱਕ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ ਅਤੇ ਕੁੱਝ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੁਲਸ ਵਲੋਂ ਲੋਕਾਂ ਨੂੰ ਅਲਰਟ ਕਰਦਿਆਂ ਕਿਹਾ ਗਿਆ ਕਿ ਉਹ ਇਸ ਇਲਾਕੇ ਵਲੋਂ ਲੰਘਦੇ ਸਮੇਂ ਵਧੇਰੇ ਧਿਆਨ ਰੱਖਣ।
ਰੂਸੀ ਅੰਬੈਸੀ ਨੇ ਜਾਣਕਾਰੀ ਦਿੱਤੀ ਹੈ ਕਿ ਗੋਲੀਬਾਰੀ ’ਚ ਕਿਸੇ ਵਿਦੇਸ਼ੀ ਦੀ ਮੌਤ ਨਹੀਂ ਹੋਈ। ਅੰਬੈਸੀ ਵਲੋਂ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਘਟਨਾ ਦੀ ਜਾਂਚ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਓਡੇਸਾ ਮਿਡਲੈਡ ਤੋਂ 30 ਕੁ ਕਿਲੋਮੀਟਰ ਦੂਰ ਹੈ, ਜੋ ਕਿ ਟੈਕਸਾਸ ਦਾ ਸ਼ਹਿਰ ਹੈ।