ਹੇਲੇਨ ਤੂਫ਼ਾਨ ਕਾਰਨ 6 ਸੂਬਿਆਂ 'ਚ ਲੱਗੀ ਐਮਰਜੈਂਸੀ, 44 ਲੋਕਾਂ ਦੀ ਮੌਤ ਤੇ 1000 ਫਲਾਈਟਸ ਰੱਦ

Saturday, Sep 28, 2024 - 11:05 AM (IST)

ਨਿਊਯਾਰਕ (ਰਾਜ ਗੋਗਨਾ ) - ਹਰੀਕੇਨ ਹੇਲੇਨ ਨੇ ਅਮਰੀਕਾ ਵਿੱਚ ਬਹੁਤ ਹੀ ਚਿੰਤਾ ਪੈਦਾ ਕਰ ਦਿੱਤੀ ਹੈ। ਇੱਕ ਸ਼ਕਤੀਸ਼ਾਲੀ ਸ਼੍ਰੇਣੀ-4 ਤੂਫ਼ਾਨ, ਹੇਲੇਨ,ਬੀਤੇਂ ਦਿਨ  ਸ਼ੁੱਕਰਵਾਰ ਸਵੇਰੇ ਅਮਰੀਕਾ ਦੇ ਦੱਖਣ ਵਿੱਚ ਫਲੋਰੀਡਾ ਦੇ ਤੱਟ ਨਾਲ ਟਕਰਾ ਗਿਆ। ਤੂਫਾਨ ਕਾਰਨ ਅਮਰੀਕਾ ਦੇ ਦੱਖਣ-ਪੂਰਬ ਵਿੱਚ ਫਲੋਰੀਡਾ, ਜੌਰਜੀਆ, ਸਾਊਥਾਲ ਅਤੇ ਨੌਰਥ ਕੈਰੋਲੀਨਾ ’ਚ 44 ਲੋਕਾਂ ਦੀ ਮੌਤ ਹੋ ਗਈ। ਹਰੀਕੇਨ  ਹੇਲੇਨ ਇਸ ਸਾਲ ਅਮਰੀਕਾ ਵਿੱਚ ਆਉਣ ਵਾਲੇ ਸਭ ਤੋਂ ਵੱਡੇ ਤੂਫਾਨਾਂ ਵਿੱਚੋਂ ਇੱਕ ਹੈ। ਇਨ੍ਹਾਂ ਤੂਫਾਨਾਂ ਕਾਰਨ 1000 ਉਡਾਣਾਂ ਨੂੰ ਰੱਦ ਕਰਨਾ ਪਿਆ ਜਦਕਿ 1.20 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਛੇ ਰਾਜਾਂ ਵਿੱਚ 35 ਲੱਖ ਤੋਂ ਵੱਧ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਹੈ।

ਅਮਰੀਕਾ ਦੇ ਫਲੋਰੀਡਾ ਦੇ ਤੱਟ 'ਤੇ ਤੂਫਾਨ ਹੇਲੇਨ ਦੇ ਟਕਰਾਉਣ ਤੋਂ ਬਾਅਦ ਮੀਂਹ ਅਤੇ ਹੜ੍ਹ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਐਮਰਜੈਂਸੀ ਅਮਲੇ ਨੇ ਸੰਘਰਸ਼ ਕੀਤਾ। ਤੂਫਾਨ ਵੀਰਵਾਰ ਦੇਰ ਰਾਤ ਫਲੋਰੀਡਾ ਦੇ ਦਿਹਾਤੀ ਬਿਗ ਬੈਂਡ ਵਿੱਚ ਟਕਰਾਇਆ। ਇਸ ਸਮੇਂ ਹਵਾ ਦੀ ਰਫ਼ਤਾਰ 225 ਕਿਲੋਮੀਟਰ ਪ੍ਰਤੀ ਘੰਟਾ ਸੀ। ਹਾਲਾਂਕਿ, ਤੂਫਾਨਾਂ ਨੇ ਉੱਤਰੀ ਕੈਰੋਲੀਨਾ ਤੱਕ ਉੱਤਰ ਵਿੱਚ ਹੜ੍ਹਾਂ ਦਾ ਕਾਰਨ ਬਣਾਇਆ। ਫਲੋਰੀਡਾ, ਜਾਰਜੀਆ, ਉੱਤਰੀ ਅਤੇ ਦੱਖਣੀ ਕੈਰੋਲੀਨਾ, ਟੈਨੇਸੀ ਅਤੇ ਵਰਜੀਨੀਆ ਸਮੇਤ ਛੇ ਰਾਜਾਂ ਵਿੱਚ 3.5 ਮਿਲੀਅਨ ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਸਨ। ਜਾਰਜੀਆ ਵਿੱਚ ਇੱਕ ਪੂਰੀ ਕਾਉਂਟੀ ਬਿਜਲੀ ਤੋਂ ਬਿਨਾਂ ਸੀ। ਇਨ੍ਹਾਂ ਰਾਜਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਰਾਜਾਂ ਵਿੱਚ 1,000 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਜਦੋਂ ਕਿ 4,000 ਤੋਂ ਵੱਧ ਉਡਾਣਾਂ ਦੇਰੀ ਨਾਲ ਜਾਂ ਹੋਰ ਸਥਾਨਾਂ ਵੱਲ ਮੋੜਨ ਲਈ ਮਜਬੂਰ ਹੋਈਆਂ ਸਨ।

ਇਹ ਤੂਫਾਨ ਇੰਨਾ ਭਿਆਨਕ ਸੀ ਕਿ ਜਦੋਂ ਇਹ ਫਲੋਰੀਡਾ ਨਾਲ ਟਕਰਾ ਗਿਆ ਤਾਂ ਕਈ ਥਾਵਾਂ 'ਤੇ 20 ਫੁੱਟ ਤੱਕ ਲਹਿਰਾਂ ਉੱਠੀਆਂ। ਤੂਫਾਨ ਕਾਰਨ ਸਮੁੰਦਰ ਦਾ ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ ਅਤੇ ਕਈ ਥਾਵਾਂ 'ਤੇ ਹੜ੍ਹ ਆ ਗਿਆ। ਫਲੋਰੀਡਾ ਦੇ ਗਵਰਨਰ ਰੌਨ ਡੀ-ਸੈਂਟਿਸ ਨੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਤੋਂ ਹੀ ਖਾਲੀ ਕਰਨ ਦੀ ਸਲਾਹ ਦਿੱਤੀ ਸੀ। ਫਲੋਰੀਡਾ ਦੀ ਰਾਜਧਾਨੀ ਟਾਲਾਹਾਸੀ ਦੇ ਮੇਅਰ ਜੌਨ ਡੇਲੀ ਨੇ ਕਿਹਾ ਕਿ ਇਹ ਤੂਫਾਨ ਸ਼ਹਿਰ ਨੂੰ ਟੱਕਰ ਦੇਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੋ ਸਕਦਾ ਹੈ।  ਇਸ ਨਾਲ ਸ਼ਹਿਰ ਵਿਚ ਭਾਰੀ ਤਬਾਹੀ ਹੋਵੇਗਾ। ਤੁਫਾਨ ਨੇ ਇੰਨੀ ਤੇਜ਼ ਹਵਾਵਾਂ ਲਿਆਂਦੀਆਂ ਕਿ ਵ੍ਹੀਲਰ ਕਾਉਂਟੀ, ਜਾਰਜੀਆ ਵਿੱਚ ਇੱਕ ਖੇਤ ਵਿੱਚ ਇੱਕ ਟਰਾਲੀ ਹਾਈਵੇਅ ਉੱਤੇ ਉੱਡ ਗਈ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਤੂਫਾਨ ਨਾਲ ਦੋ ਕਾਰਾਂ ਵੀ ਪਾਣੀ ਵਿੱਚ ਵਹਿ ਗਈਆਂ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੇ ਲੋਕ ਜ਼ਖਮੀ ਹੋਏ ਹਨ। 

ਇੱਕ ਸਾਲ ਵਿੱਚ ਇਹ  ਤੀਜੇ ਬਵੰਡਰ ਨੇ ਥਾਮਸ ਕਾਉਂਟੀ, ਜਾਰਜੀਆ ਵਿੱਚ ਤਬਾਹੀ ਮਚਾ ਦਿੱਤੀ ਹੈ। ਹਾਲਾਂਕਿ, ਤੂਫਾਨ ਦੇ ਲੈਂਡਫਾਲ ਤੋਂ ਬਾਅਦ, ਹਵਾ ਦੀ ਰਫਤਾਰ 110 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ ਸੀ। ਤੂਫਾਨ ਦੇ ਟੈਨੇਸੀ ਅਤੇ ਕੈਂਟਕੀ ਵੱਲ ਵਧਣ ਦੇ ਨਾਲ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਐਪਲਾਚੀਅਨ ਪਹਾੜਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਵਿਚ ਅਚਾਨਕ ਹੜ੍ਹ ਆਉਣ ਦਾ ਵੀ  ਖਤਰਾ ਹੈ। ਇੱਕ ਅਮਰੀਕੀ ਮੌਸਮ ਵਿਗਿਆਨੀ ਫਿਲ ਕਲੋਟਜ਼ਬਾਚ ਨੇ ਕਿਹਾ ਕਿ ਪਿਛਲੇ 35 ਸਾਲਾਂ ਵਿੱਚ ਸਿਰਫ ਤਿੰਨ ਤੂਫਾਨ ਹੈਲਨ ਤੋਂ ਵੱਡੇ ਸਨ, ਜਿਨ੍ਹਾਂ ਵਿੱਚ 2017 ਵਿੱਚ ਇਰਮਾ, 2005 ਵਿੱਚ ਵਿਲਮਾ ਅਤੇ 1995 ਵਿੱਚ ਓਪਲ ਸ਼ਾਮਲ ਹਨ। 

ਦੂਜੇ ਪਾਸੇ ਪਿਛਲੇ 100 ਸਾਲਾਂ ਵਿੱਚ ਮੈਕਸੀਕੋ ਦੀ ਖਾੜੀ ਵਿੱਚ ਟਕਰਾਉਣ ਵਾਲਾ ਇਹ ਸਭ ਤੋਂ ਵੱਡਾ ਤੂਫ਼ਾਨ ਹੈ। ਫਲੋਰੀਡਾ ਵਿੱਚ ਤੂਫ਼ਾਨ ਕਾਰਨ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਤੂਫਾਨ ਇੰਨਾ ਵਿਸ਼ਾਲ ਸੀ ਕਿ ਇਸ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵੀ ਦੇਖਿਆ ਜਾ ਸਕਦਾ ਸੀ। ਤੂਫਾਨ ਕਾਰਨ ਹੋਈ ਤੇਜ਼ ਬਾਰਿਸ਼ ਨੇ ਲੋਕਾਂ ਦੇ ਘਰਾਂ ਅਤੇ ਦਫਤਰਾਂ ਵਿੱਚ ਪਾਣੀ ਭਰ ਦਿੱਤਾ। ਤੂਫਾਨ ਹੇਲੇਨ ਕਾਰਨ ਹੋਈ ਤਬਾਹੀ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਏ ਸਨ।


 


Harinder Kaur

Content Editor

Related News