ਬੰਗਲਾਦੇਸ਼: ਅਵਾਮੀ ਲੀਗ ਨੇਤਾ ਦੇ ਘਰ ''ਤੇ ਹਮਲੇ ਤੋਂ ਬਾਅਦ 40 ਲੋਕ ਗ੍ਰਿਫਤਾਰ
Sunday, Feb 09, 2025 - 03:08 PM (IST)

ਢਾਕਾ (ਏਜੰਸੀ)- ਬੰਗਲਾਦੇਸ਼ ਵਿੱਚ ਢਾਕਾ ਦੇ ਬਾਹਰੀ ਇਲਾਕੇ ਵਿਚ ਇੱਕ ਅਵਾਮੀ ਲੀਗ ਨੇਤਾ ਦੇ ਘਰ ਦੀ ਭੰਨਤੋੜ ਦੌਰਾਨ ਇੱਕ ਵਿਦਿਆਰਥੀ ਸਮੂਹ ਦੇ ਕਾਰਕੁਨਾਂ 'ਤੇ ਹੋਏ ਹਿੰਸਕ ਹਮਲੇ ਤੋਂ ਬਾਅਦ 40 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਮੀਡੀਆ ਵਿੱਚ ਛਪੀ ਇੱਕ ਖ਼ਬਰ ਵਿੱਚ ਦਿੱਤੀ ਗਈ ਹੈ। ਇਸ ਹਮਲੇ ਵਿੱਚ ਕਈ ਲੋਕ ਜ਼ਖਮੀ ਹੋਏ ਹਨ।
ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਸ ਦੀ ਸਰਕਾਰ ਨੇ ਸ਼ੁੱਕਰਵਾਰ ਰਾਤ ਨੂੰ ਗਾਜ਼ੀਪੁਰ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਅਤੇ ਨਾਗਰਿਕਾਂ 'ਤੇ ਹੋਏ ਹਮਲਿਆਂ ਤੋਂ ਬਾਅਦ ਸ਼ਨੀਵਾਰ ਨੂੰ "ਆਪ੍ਰੇਸ਼ਨ ਡੇਵਿਲ ਹੰਟ" ਦਾ ਆਦੇਸ਼ ਦਿੱਤਾ ਸੀ। ਯੂਨਾਈਟਿਡ ਨਿਊਜ਼ ਆਫ਼ ਬੰਗਲਾਦੇਸ਼ ਦੀ ਰਿਪੋਰਟ ਅਨੁਸਾਰ, ਗਾਜ਼ੀਪੁਰ ਦੇ ਪੁਲਸ ਸੁਪਰਡੈਂਟ (ਐੱਸਪੀ) ਚੌਧਰੀ ਜਾਬੇਰ ਸਾਦਿਕ ਨੇ ਕਿਹਾ ਕਿ ਕਾਰਵਾਈ ਦੇ ਹਿੱਸੇ ਵਜੋਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ 40 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।