ਚੈੱਕ ਗਣਰਾਜ ''ਚ ਵਾਪਰਿਆ ਸੜਕ ਹਾਦਸਾ, 4 ਲੋਕਾਂ ਦੀ ਮੌਤ

07/15/2019 9:17:59 AM

ਪ੍ਰਾਗ— ਚੈੱਕ ਗਣਰਾਜ 'ਚ ਇਕ ਕਾਰ ਅਤੇ ਟਰੇਨ ਦੀ ਆਪਸ 'ਚ ਟੱਕਰ ਹੋ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਐਤਵਾਰ ਦੁਪਹਿਰ ਸਮੇਂ ਇਹ ਹਾਦਸਾ ਵਾਪਰਿਆ। ਮ੍ਰਿਤਕਾਂ 'ਚ ਦੋ ਬੱਚੇ ਸਨ ਜਿਨ੍ਹਾਂ ਦੀ ਉਮਰ 5 ਅਤੇ 8 ਸਾਲ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ 47 ਸਾਲਾ ਵਿਅਕਤੀ ਤੇ 32 ਸਾਲਾ ਔਰਤ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। 

ਲੋਕਾਂ ਨੇ ਦੱਸਿਆ ਕਿ ਲੈਵਲ ਕਰਾਸਿੰਗ 'ਤੇ ਇਕ ਟਰੇਨ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋਈ, ਜਿਸ ਕਾਰਨ ਕਾਰ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਟਰੇਨ 'ਚ ਲਗਭਗ 80 ਲੋਕ ਸਵਾਰ ਸਨ ਅਤੇ ਇਹ ਸਾਰੇ ਸੁਰੱਖਿਅਤ ਹਨ, ਕੋਈ ਵੀ ਜ਼ਖਮੀ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਇਸ ਹਫਤੇ ਲੈਵਲ ਕਰਾਸਿੰਗ 'ਤੇ ਇਹ ਦੂਜਾ ਹਾਦਸਾ ਵਾਪਰਿਆ ਹੈ। ਸ਼ਨੀਵਾਰ ਦੁਪਹਿਰ ਸਮੇਂ ਇੱਥੇ ਇਕ ਵੈਨ ਅਤੇ ਟਰੇਨ ਦੀ ਟੱਕਰ ਹੋ ਗਈ ਸੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸਨ। ਫਿਲਹਾਲ ਹਾਦਸੇ ਦੇ ਕਾਰਨਾਂ ਲਈ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। 
ਅਧਿਕਾਰੀਆਂ ਨੂੰ ਸੜਕ ਤੋਂ ਮਲਬਾ ਚੁੱਕਣ 'ਚ ਕਾਫੀ ਸਮਾਂ ਲੱਗਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।


Related News