ਫਰਾਂਸ ''ਚ ਵਾਹਨ ''ਚੋਂ 350 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ
Saturday, Feb 04, 2023 - 01:19 PM (IST)
ਪੈਰਿਸ (ਵਾਰਤਾ)- ਫਰਾਂਸ ਦੇ ਕਸਟਮ ਅਧਿਕਾਰੀਆਂ ਨੇ ਫਰਾਂਸ ਦੇ ਕੈਲੇਸ ਬੰਦਰਗਾਹ 'ਤੇ ਇਕ ਵਾਹਨ 'ਚੋਂ 350 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ। ਸਥਾਨਕ ਮੀਡੀਆ ਨੇ ਪੁਲਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਫ੍ਰਾਂਸੀਸੀ ਅਖ਼ਬਾਰ ਲੇ ਫਿਗਾਰੋ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਸਟਮ ਅਧਿਕਾਰੀਆਂ ਨੂੰ 24 ਜਨਵਰੀ ਨੂੰ ਨਿਯਮਤ ਜਾਂਚ ਦੌਰਾਨ ਪੋਲੈਂਡ ਦੇ ਇਕ ਡਰਾਈਵਰ ਕੋਲੋਂ 350 ਕਿਲੋਗ੍ਰਾਮ ਨਸ਼ੀਲੇ ਪਦਾਰਥ ਮਿਲਿਆ।
ਸ਼ੱਕੀ ਘੱਟੋ-ਘੱਟ 172 ਕਿਲੋਗ੍ਰਾਮ MDMA, 145 ਕਿਲੋਗ੍ਰਾਮ ਕੈਨਾਬਿਸ ਰਾਲ, 31 ਕਿਲੋਗ੍ਰਾਮ ਕੋਕੀਨ ਅਤੇ 2 ਕਿਲੋਗ੍ਰਾਮ ਹੈਰੋਇਨ ਲੈ ਕੇ ਜਾ ਰਿਹਾ ਸੀ, ਜਿਸਦੀ ਕੁੱਲ ਕੀਮਤ 40 ਲੱਖ ਯੂਰੋ ਤੋਂ ਵੱਧ ਹੈ। ਹਾਲਾਂਕਿ ਡਰਾਈਵਰ ਨੇ ਪੁੱਛਗਿੱਛ ਦੌਰਾਨ ਆਪਣੇ ਵਾਹਨ ਵਿੱਚ ਨਸ਼ੀਲੇ ਪਦਾਰਥ ਹੋਣ ਦੀ ਜਾਣਕਾਰੀ ਤੋਂ ਇਨਕਾਰ ਕੀਤਾ। ਲੇ ਫਿਗਾਰੋ ਨੇ ਰਿਪੋਰਟ ਵਿਚ ਕਿਹਾ ਹੈ ਕਿ ਡਰਾਈਵਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ।