33ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ
Tuesday, Apr 06, 2021 - 02:44 PM (IST)

ਪਰਥ(ਮਨਦੀਪ ਸੈਣੀ / ਜਤਿੰਦਰ ਗਰੇਵਾਲ) - ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਕਰਟਿਨ ਯੂਨੀਵਰਸਿਟੀ 'ਚ ਹੋਈਆਂ 33ਵੀਆਂ ਕੌਮੀ ਆਸਟ੍ਰੇਲੀਆਈ ਸਲਾਨਾ ਸਿੱਖ ਖੇਡਾਂ ਅਮਿੱਟ ਪੈੜਾਂ ਨਾਲ ਸਮਾਪਤ ਹੋ ਗਈਆਂ। ਦੋ ਅਪਰੈਲ ਤੋਂ ਸ਼ੁਰੂ ਹੋਏ ਇਸ ਤਿੰਨ ਦਿਨਾ ਖੇਡ ਮਹਾਂ ਕੁੰਭ ਵਿਚ ਫੁੱਟਬਾਲ,ਕਬੱਡੀ, ਹਾਕੀ, ਵਾਲੀਬਾਲ, ਨੈੱਟਬਾਲ, ਕੁਸ਼ਤੀ, ਰੱਸਾਕਸ਼ੀ, ਬਜੁਰਗਾਂ ਤੇ ਬੱਚਿਆਂ ਦੀ ਦੌੜਾਂ ਅਤੇ ਤਾਸ਼ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਹੁੰਮ-ਹੁੰਮਾ ਕੇ ਹਿੱਸਾ ਲਿਆ।
ਮੇਲੇ ਦੇ ਆਗਾਜ਼ ਮੌਕੇ ਹੋਈ ਸਿੱਖ ਪਰੇਡ ਵਿਚ ਸਿੱਖ ਬੈਂਡ, ਗੱਤਕਾ ਕਰਤੱਵ ਨਾਲ ਪੂਰਾ ਸਟੇਡੀਅਮ ਖਾਲਸਾਈ ਰੰਗ ਵਿਚ ਰੰਗਿਆ ਗਿਆ। ਆਸਟ੍ਰੇਲੀਆਈ ਸਿੱਖ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਪੰਜਾਬੀ ਭਾਸ਼ਾ ਫ਼ੋਰਮ ਦਾ ਸੰਗਠਨ ਕੀਤਾ ਗਿਆ ਜਿਸ ਦਾ ਮਕਸਦ ਆਸਟ੍ਰੇਲੀਆ ਦੇ ਸਮੁੱਚੇ ਪੰਜਾਬੀ ਬੋਲੀ ਦੇ ਸ਼ੁਭ ਚਿੰਤਕਾਂ, ਕਵੀਆਂ, ਲੇਖਕਾਂ ਅਤੇ ਬੁੱਧੀਜੀਵੀਆਂ ਦੇ ਸਾਂਝੇ ਸਹਿਯੋਗ ਨਾਲ ਆਸਟ੍ਰੇਲੀਆ ਵਿਚ ਪੰਜਾਬੀ ਦੇ ਪ੍ਰਚਾਰ ਅਤੇ ਪਾਸਾਰ ਲਈ ਉਪਰਾਲੇ ਕਰਨਾ ਹੈ। ਸਿੱਖ ਫੋਰਮ 2021 ਵੱਲੋਂ ਵਿਚਾਰੇ ਵਿਸ਼ਿਆਂ ਵਿਚ ਆਸਟਰੇਲੀਆ ਵਿਚ ਆਸਟਰੇਲੀਆਈ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਮੁੱਦੇ ਸ਼ਾਮਲ ਹਨ। ਸਿੱਖ ਫੋਰਮ ਦਾ ਟੀਚਾ ਆਸਟਰੇਲੀਆਈ ਸਿੱਖ ਭਾਈਚਾਰੇ ਦੇ ਕੰਮਾਂ ਨੂੰ ਕੌਮੀ ਪੱਧਰ 'ਤੇ ਸਾਂਝਾ ਕਰਨਾ, ਪ੍ਰਸਾਰਿਤ ਅਤੇ ਪ੍ਰਦਰਸ਼ਿਤ ਕਰਨਾ ਹੈ।
ਕੋਰੋਨਾ ਵਾਇਰਸ ਦਾ ਅਸਰ
ਕੋਰੋਨਾ ਪਾਬੰਦੀਆਂ ਕਾਰਨ ਦੂਜੇ ਸੂਬਿਆਂ ਤੋਂ ਆਉਣ ਵਾਲੇ ਖੇਡ ਪ੍ਰੇਮੀ ਪਰਥ ਸ਼ਹਿਰ ਦੀਆਂ ਮੁੱਖ ਖੇਡਾਂ ਵਿਚ ਸ਼ਮੂਲੀਅਤ ਕਰਨ ਤੋਂ ਵਾਂਝੇ ਰਹੇ ਪਰ ਕੌਮੀ ਸਿੱਖ ਖੇਡ ਕਮੇਟੀ ਵੱਲੋਂ ਦਰਸ਼ਕਾਂ ਦੇ ਉਤਸ਼ਾਹ ਨੂੰ ਕਾਇਮ ਰੱਖਦਿਆਂ ਪਰਥ ਖੇਡਾਂ ਨੂੰ ਸਮਰਪਿਤ ਮੈਲਬੌਰਨ ,ਸਿਡਨੀ , ਬ੍ਰਿਸਬੇਨ ਅਤੇ ਐਡੀਲੇਡ ਸ਼ਹਿਰਾਂ ਵਿਚ ਸੂਬਾ ਪੱਧਰੀ ਟੂਰਨਾਮੈਂਟ ਕਰਵਾਏ ਗਏ ਜਿਨ੍ਹਾਂ ਵਿਚ ਖੇਡ ਪ੍ਰੇਮੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ।
ਇਨ੍ਹਾਂ ਖੇਡਾਂ ਵਿਚ ਗਿੱਧਾ - ਭੰਗੜਾ ਅਤੇ ਹੋਰ ਸਭਿਆਚਾਰਕ ਸਰਗਰਮੀਆਂ ਤੋਂ ਇਲਾਵਾ ਪੰਜਾਬੀ ਵਿਰਾਸਤ ਨੂੰ ਦਰਸਾਉਂਦਾ ਪੇਂਡੂ ਪਿੰਡ ਖਿੱਚ ਦਾ ਕੇਂਦਰ ਰਿਹਾ ਜਿਸ ਵਿਚ ਘਰੇਲੂ ਬਰਤਨ, ਚੱਕੀ, ਚੁੱਲਾ, ਮੰਜੇ, ਚਰਖਾ, ਕਸੀਦਾ, ਖੱਡੀ , ਪਾਥੀਆ ਵਾਲਾ ਗੁਹਾਰਾ ਤੇ ਤੂੜੀ ਵਾਲਾ ਸਜਾਇਆ ਕੁੱਪ ਪੁਰਾਤਨ ਪੰਬ ਦੀ ਝਲਕ ਦਿਖਾ ਗਿਆ । ਸਟੇਜ ਸ਼ੋਅ ਮੌਕੇ ਗੀਤ-ਸੰਗੀਤ ਦੁਆਰਾ ਸਥਾਨਕ ਗਾਇਕ ਰਾਜ ਸਾਗਰ, ਕਾਲਾ ਧਾਰਨੀ, ਜੀਤ ਵੱਪੀ ਤੇ ਗਾਇਕਾ ਚਰਨਦੀਪ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਸਭਿਆਚਾਰਕ ਮੇਲੇ ਦਾ ਮੰਚ ਸੰਚਾਲਨ ਕਰਦੇ ਹੋਏ ਹਰਜੀਤ ਗਿੱਲ ਤੇ ਰੂਪੀ ਗਿੱਲ ਨੇ ਸ਼ਾਇਰੀ, ਲੋਕ ਬੋਲੀਆਂ ਤੇ ਲੋਕ ਤੱਥਾਂ ਰਾਹੀਂ ਦਰਸ਼ਕਾਂ ਨੂੰ ਪਰੋਗਰਾਮ ਨਾਲ ਜੋੜੀ ਰੱਖਿਆ। 'ਮੇਲਾ ਪਰਥ ਪੰਜਾਬਣਾਂ ਦਾ ' ਦੀਆਂ ਮੁਟਿਆਰਾਂ ਨੇ ਗਿੱਧੇ 'ਚ ਧਮਾਲਾਂ ਪਾਈਆਂ। ਪੰਜਾਬੀ ਸੱਥ ਪਰਥ ਵੱਲੋਂ ਗੱਭਰੂਆਂ ਦਾ ਲੋਕ ਨਾਚ ਭੰਗੜਾ ਅਤੇ ਭਾਰਤੀ ਕਿਸਾਨੀ ਅਦੋਲੰਨ ਨੂੰ ਸਮਰਪਿਤ ਲੋਕ ਬੋਲੀਆਂ ਅਧਾਰਤ ਮਲਵੱਈ ਗਿੱਧਾ ਪਾਇਆ।