ਕੈਨੇਡਾ 'ਚ ਪਿਆਜ਼ ਖਾਣ ਨਾਲ 339 ਲੋਕ ਹੋਏ ਇਸ ਬਿਮਾਰੀ ਦਾ ਸ਼ਿਕਾਰ

08/15/2020 1:24:28 PM

ਟੋਰਾਂਟੋ— ਕੈਨੇਡਾ 'ਚ ਅਮਰੀਕੀ ਪਿਆਜ਼ਾਂ ਨਾਲ ਫੈਲੇ ਸੈਲਮੋਨੇਲਾ ਪ੍ਰਕੋਪ ਨਾਲ 300 ਤੋਂ ਵੱਧ ਲੋਕ ਬਿਮਾਰ ਪਾਏ ਗਏ ਹਨ। ਸ਼ੁੱਕਰਵਾਰ ਨੂੰ ਜਾਰੀ ਕੀਤੇ ਆਪਣੇ ਤਾਜ਼ਾ ਅਪਡੇਟ 'ਚ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀ. ਐੱਚ. ਏ. ਸੀ.) ਨੇ ਕਿਹਾ ਹੈ ਕਿ ਦੇਸ਼ 'ਚ 339 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ ਸੌ ਮਾਮਲਿਆਂ ਦੀ ਪੁਸ਼ਟੀ ਪਿਛਲੇ ਹਫ਼ਤੇ ਹੋਈ ਸੀ।

ਪੀ. ਐੱਚ. ਏ. ਸੀ. ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਬੈੱਕਰਸਫੀਲਡ, ਕੈਲੀਫੋਰਨੀਆ ਦੇ ਥੌਮਸਨ ਇੰਟਰਨੈਸ਼ਨਲ ਇੰਕ. ਦਾ ਕੋਈ ਵੀ ਪਿਆਜ਼ ਨਾ ਖਾਣ ਅਤੇ ਨਾ ਵੇਚਣ। ਏਜੰਸੀ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਲਾਲ, ਪੀਲਾ, ਚਿੱਟਾ, ਜਾਂ ਮਿੱਠਾ ਪੀਲਾ ਪਿਆਜ਼ ਕਿੱਥੋਂ ਦਾ ਹੈ ਤਾਂ ਉਸ ਨੂੰ ਨਾ ਖਾਓ।

ਜਨਤਕ ਸਿਹਤ ਅਥਾਰਟੀ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕੈਨੇਡਾ 'ਚ ਉਗੇ ਪਿਆਜ਼ ਵੀ ਸੈਲਮੋਨੇਲਾ ਫੈਲਣ ਨਾਲ ਜੁੜੇ ਹਨ। ਪੀ. ਐੱਚ. ਏ. ਸੀ. ਦਾ ਕਹਿਣਾ ਹੈ ਕਿ ਲੋਕ ਜੂਨ ਦੇ ਅੱਧ  ਅਤੇ ਜੁਲਾਈ ਦੇ ਅਖੀਰ 'ਚ ਬਿਮਾਰ ਹੋਣਾ ਸ਼ੁਰੂ ਹੋਏ। ਹੁਣ ਤੱਕ 48 ਲੋਕਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਿਹੜੇ ਬੀਮਾਰ ਹੋਏ ਹਨ ਉਨ੍ਹਾਂ ਨੇ ਘਰ, ਰੈਸਟੋਰੈਂਟਾਂ ਅਤੇ ਰਿਹਾਇਸ਼ੀ ਦੇਖਭਾਲ ਸਹੂਲਤਾਂ 'ਚ ਲਾਲ ਪਿਆਜ਼ ਖਾਣ ਦੀ ਜਾਣਕਾਰੀ ਦਿੱਤੀ ਹੈ। ਸੈਲਮੋਨੇਲਾ ਸੰਕਰਮਣ ਕਾਰਨ ਬੁਖ਼ਾਰ, ਠੰਡ ਲੱਗਣਾ, ਦਸਤ, ਸਿਰਦਰਦ, ਉਲਟੀ ਵਰਗੇ ਲੱਛਣ ਦਿਸਦੇ ਹਨ। ਹੁਣ ਤੱਕ ਇਸ ਦੇ 208 ਮਾਮਲੇ ਅਲਬਰਟਾ 'ਚ, ਬ੍ਰਿਟਿਸ਼ਿ ਕੋਲੰਬੀਆ 'ਚ 78, ਸਸਕੈਚਵਾਨ 'ਚ 19, ਮੈਨੀਟੋਬਾ 'ਚ 19, ਓਂਟਾਰੀਓ 'ਚ 8, ਕਿਊਬਿਕ 'ਚ 6 ਅਤੇ ਪ੍ਰਿੰਸ ਐਡਵਰਡ ਆਈਲੈਂਡ 'ਚ 1 ਮਾਮਲਾ ਪਾਇਆ ਗਿਆ ਹੈ।


Sanjeev

Content Editor

Related News