ਰੈਸਟੋਰੈਂਟ 'ਚ ਰਸੋਈ ਗੈਸ ਕਾਰਨ ਹੋਇਆ ਜ਼ਬਰਦਸਤ ਧਮਾਕਾ, 31 ਲੋਕਾਂ ਦੀ ਦਰਦਨਾਕ ਮੌਤ
Thursday, Jun 22, 2023 - 10:30 AM (IST)
ਬੀਜਿੰਗ (ਭਾਸ਼ਾ)- ਉੱਤਰੀ-ਪੱਛਮੀ ਚੀਨ ਵਿੱਚ ਇੱਕ ਬਾਰਬਿਕਯੂ ਰੈਸਟੋਰੈਂਟ ਵਿੱਚ ਰਸੋਈ ਗੈਸ ਵਿਚ ਹੋਏ ਜ਼ੋਰਦਾਰ ਧਮਾਕੇ ਵਿੱਚ 31 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਚੀਨੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਰ ਸਰਕਾਰੀ ਸਮਾਚਾਰ ਮੁਤਾਬਕ ਨਿੰਗਜੀਆ ਹੂਈ ਆਟੋਨੋਮਸ ਖੇਤਰ ਦੀ ਰਾਜਧਾਨੀ ਯਿਨਚੁਆਨ ਵਿਚ ਬੁੱਧਵਾਰ ਨੂੰ ਇਕ ਵਿਅਸਤ ਸੜਕ 'ਤੇ ਲੋਕ ਡਰੈਗਨ ਬੋਟ ਫੈਸਟੀਵਲ ਦੀਆਂ ਛੁੱਟੀਆਂ ਦੀ ਪੂਰਬਲੀ ਸ਼ਾਮ 'ਤੇ ਇਕੱਠੇ ਹੋਏ ਸਨ। ਇਸ ਤਿਉਹਾਰ 'ਤੇ ਰਾਸ਼ਟਰੀ ਛੁੱਟੀ ਹੁੰਦੀ ਹੈ। ਰਾਤ 8:40 ਵਜੇ ਦੇ ਕਰੀਬ ਧਮਾਕਾ ਹੋਣ ਕਾਰਨ ਉੱਤੇ ਹਲਚਲ ਪੈਦਾ ਹੋ ਗਈ।
ਆਨਲਾਈਨ ਨਿਊਜ਼ ਸਾਈਟ 'ਦਿ ਪੇਪਰ' ਨੇ ਚੇਨ ਨਾਂ ਦੀ ਔਰਤ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਉਸ ਨੇ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਰੈਸਟੋਰੈਂਟ ਤੋਂ ਕਰੀਬ 50 ਮੀਟਰ ਦੀ ਦੂਰੀ 'ਤੇ ਸੀ। ਔਰਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਦੋ ਕਰਮਚਾਰੀ (ਵੇਟਰ) ਨੂੰ ਰੈਸਟੋਰੈਂਟ 'ਚੋਂ ਬਾਹਰ ਆਉਂਦੇ ਦੇਖਿਆ, ਜਿਨ੍ਹਾਂ 'ਚੋਂ ਇਕ ਹੇਠਾਂ ਡਿੱਗ ਪਿਆ। ਰੈਸਟੋਰੈਂਟ 'ਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਰਸੋਈ ਗੈਸ ਦੀ ਤੇਜ਼ ਬਦਬੂ ਪੂਰੇ ਇਲਾਕੇ 'ਚ ਫੈਲ ਗਈ। ਕੇਂਦਰ ਸਰਕਾਰ ਦੇ ਐਮਰਜੈਂਸੀ ਪ੍ਰਬੰਧਨ ਮੰਤਰਾਲਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਵੀਰਵਾਰ ਸਵੇਰੇ ਰੈਸਟੋਰੈਂਟ 'ਚ ਖੋਜ ਅਤੇ ਬਚਾਅ ਕਾਰਜ ਪੂਰਾ ਹੋ ਗਿਆ। ਮੰਤਰਾਲਾ ਨੇ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ।