ਇਟਲੀ ਦੀ ਸਿਆਸਤ ’ਚ ਅਹਿਮ ਭੂਮਿਕਾ ਨਿਭਾਉਣਗੇ 3 ਸਿੱਖ ਚਿਹਰੇ, ਲੰਮਬਾਰਦੀਆ ਸਟੇਟ ਦਾ ਚੋਣ ਮੈਦਾਨ ਭਖ਼ਿਆ
Friday, Jan 20, 2023 - 04:53 AM (IST)
ਮਿਲਾਨ/ਇਟਲੀ (ਸਾਬੀ ਚੀਨੀਆ) : ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਵਾਂਗ ਇਟਲੀ ਇਕ ਅਜਿਹਾ ਮੁਲਕ ਹੈ, ਜਿੱਥੇ ਵੱਡੀ ਗਿਣਤੀ ’ਚ ਭਾਰਤੀ ਰਹਿੰਦੇ ਹਨ, ਜਿਸ ’ਚ ਬਹੁਗਿਣਤੀ ਪੰਜਾਬੀ ਸਿੱਖ ਹਨ। ਜਿੱਥੇ ਮਿਹਨਤ ਦੇ ਜ਼ਰੀਏ ਵੱਡੀਆਂ ਮੱਲਾਂ ਮਾਰ ਕੇ ਆਪਣੇ ਕਾਰੋਬਾਰ ਖੜ੍ਹੇ ਕੀਤੇ ਹਨ, ਉੱਥੇ ਹੀ ਹੋਰਨਾਂ ਮੁਲਕਾਂ ਵਾਂਗ ਹੁਣ ਸਿਆਸਤ ’ਚ ਆਉਣ ਲਈ ਤਿਆਰੀ ਸ਼ੁਰੂ ਕਰ ਚੁੱਕੇ ਹਨ। ਸਿੱਖ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਸਿੱਖ ਚਿਹਰਿਆਂ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਣ ਲੱਗੀ ਹੈ। ਫਰਵਰੀ ’ਚ ਲੰਮਬਾਰਦੀਆ ਸੂਬੇ ਦੀਆਂ ਹੋਣ ਵਾਲੀਆਂ ਚੋਣਾਂ ’ਚ 3 ਸਿੱਖ ਚੋਣ ਲੜਨ ਜਾ ਰਹੇ ਹਨ। ਅੰਮ੍ਰਿਤਧਾਰੀ ਸਿੱਖ ਰਾਜਵੀਰ ਕੌਰ (30) ਬੈਰਗਮੋ ਜ਼ਿਲ੍ਹੇ, ਸੁਖਵਿੰਦਰ ਕੌਰ ਬੈਰਗਾਮੋ ਜ਼ਿਲ੍ਹੇ ਅਤੇ ਅਕਾਸ਼ਦੀਪ ਸਿੰਘ (23) ਬਰੇਸ਼ੀਆ ਜ਼ਿਲ੍ਹੇ ਤੋਂ ਚੋਣ ਲੜ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਧੀ ਨੇ ਇਟਲੀ ’ਚ ਪੰਜਾਬੀਆਂ ਦਾ ਵਧਾਇਆ ਮਾਣ, ਹਾਸਲ ਕੀਤੀ ਵੱਡੀ ਉਪਲੱਬਧੀ
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਰਾਜਵੀਰ ਕੌਰ ਨੇ ਦੱਸਿਆ ਕਿ ਉਹ ਬੈਰਗਾਮੋ ਜ਼ਿਲ੍ਹੇ ’ਚ ਨੋਈ ਮੋਦੇਰਾਤੀ ਵੱਲੋਂ ਚੋਣ ਲੜ ਰਹੇ ਹਨ। ਰਾਜਵੀਰ ਕੌਰ, ਜੋ ਵਕੀਲ ਵਜੋਂ ਸੇਵਾ ਨਿਭਾ ਰਹੇ ਹਨ, ਪੰਜਾਬ ਦੇ ਫਗਵਾੜਾ ਦੇ ਪਿੰਡ ਮੌਲੀ ਪਿੰਡ ਨਾਲ ਸੰਬੰਧਿਤ ਹਨ। ਸੁਖਵਿੰਦਰ ਕੌਰ (45) ਬੈਰਗਾਮੋ ਦੇ ਚੀਵੀਦੀਨੋ ’ਚ ਰਹਿੰਦੇ ਹਨ ਅਤੇ ਟਰਾਂਸਲੇਟਰ ਵਜੋਂ ਨੌਕਰੀ ਕਰ ਰਹੇ ਹਨ ਅਤੇ ਬੈਰਗਾਮੋ ਜ਼ਿਲ੍ਹੇ ਤੋਂ ਯੂਨੀਅਨ ਪਾਪੋਲਾਰੇ ਤੋਂ ਚੋਣ ਲੜ ਰਹੇ ਹਨ। ਸੁਖਵਿੰਦਰ ਕੌਰ ਪੰਜਾਬ ਦੇ ਮੌ ਸਾਹਿਬ ਫਿਲੌਰ ਨਾਲ ਸੰਬੰਧਿਤ ਹਨ, ਜਦਕਿ ਸਿੱਖ ਨੌਜਵਾਨ ਅਕਾਸ਼ਦੀਪ ਸਿੰਘ ਇਟਲੀ ਦੀ ‘ਲੰਮਬਾਰਦੀਆ ਮਲਉਰੇ, ਪਾਰਟੀ ਵੱਲੋਂ 2023 ਦੀਆਂ ਖੇਤਰੀ ਚੋਣਾਂ ਲਈ ਬ੍ਰੇਸ਼ੀਆ ਜ਼ਿਲ੍ਹੇ ਦੇ ਹਲਕੇ ਤੋਂ ਚੋਣ ਲੜ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਆਪਣੇ ਨੌਜਵਾਨਾਂ ਦੇ ਸਿਆਸੀ ਭਵਿੱਖ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਭਾਰਤੀ ਕਿੰਨੀ ਕੁ ਮਦਦ ਕਰਦੇ ਹਨ ਪਰ ਇਕ ਗੱਲ ਤੈਅ ਹੈ ਕਿ ਆਉਂਦੇ ਕੁਝ ਕੁ ਸਾਲਾਂ ’ਚ ਇਟਲੀ ਦੀ ਸਿਆਸਤ ’ਚ ਸਿੱਖਾਂ ਦਾ ਵਿਸ਼ੇਸ਼ ਸਥਾਨ ਹੋਵੇਗਾ ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਸੁੱਖਾ ਕਾਹਲਵਾਂ ਕਤਲਕਾਂਡ ’ਚ ਸ਼ਾਮਲ ਗੈਂਗਸਟਰ ਤੀਰਥ ਢਿੱਲਵਾਂ ਦੀ ਹੋਈ ਮੌਤ