ਪਾਕਿ ਦੇ 262 ਪਾਇਲਟਾਂ 'ਤੇ ਡਿੱਗੀ ਗਾਜ ; ਏਅਰਲਾਈਨਜ਼ ਨੇ ਕੰਮ 'ਤੇ ਆਉਣ ਤੋਂ ਰੋਕਿਆ
Monday, Jun 29, 2020 - 10:50 PM (IST)

ਇਸਲਾਮਾਬਾਦ (ਭਾਸ਼ਾ)- ਕਤਰ ਏਅਰਵੇਜ਼ ਸਣੇ ਕਈ ਕੌਮਾਂਤਰੀ ਏਅਰਲਾਈਨਾਂ ਨੇ 262 ਪਾਇਲਟਾਂ ਕੋਲ ਫਰਜ਼ੀ ਲਾਇਸੈਂਸ ਹੋਣ ਦੀ ਖਬਰ ਮਿਲਣ ਤੋਂ ਬਾਅਦ ਪਾਕਿਸਤਾਨੀ ਮੁਲਾਜ਼ਮਾਂ ਖਿਲਾਫ ਜਾਂਚ ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਨੂੰ ਅਗਲੇ ਨੋਟਿਸ ਤੱਕ ਕੰਮ 'ਤੇ ਆਉਣ ਤੋਂ ਰੋਕ ਦਿੱਤਾ ਹੈ। ਨਕਦੀ ਸੰਕਟ ਨਾਲ ਜੂਝ ਰਹੀ ਪਾਕਿਸਤਾਨੀ ਇੰਟਰਨੈਸ਼ਨਲ ਏਅਰਲਾਈਨ (ਪੀ.ਆਈ.ਏ.) ਨੇ ਪਿਛਲੇ ਹਫਤੇ ਸ਼ੱਕੀ ਲਾਇਸੈਂਸ ਵਾਲੇ 150 ਪਾਇਲਟਾਂ ਨੂੰ ਕੰਮ 'ਤੇ ਆਉਣ ਤੋਂ ਮਨਾਂ ਕਰ ਦਿੱਤਾ ਸੀ ਕਿਉਂਕਿ ਕਰਾਚੀ ਦੇ 22 ਮਈ ਦੇ ਜਹਾਜ਼ ਹਾਦਸੇ ਦੀ ਐੱਫ.ਆਈ.ਆਰ. ਜਾਂਚ 'ਚ ਇਸ ਤ੍ਰਾਸਦੀ ਲਈ ਪਾਇਲਟਾਂ ਅਤੇ ਜਹਾਜ਼ ਏਵੀਏਸ਼ਨ ਕੰਟਰੋਲ ਰੂਮ ਨੂੰ ਜ਼ਿੰਮੇਵਾਰ ਦੱਸਿਆ ਗਿਆ। ਇਸ ਹਾਦਸੇ 'ਚ 97 ਲੋਕਾਂ ਦੀ ਜਾਨ ਚਲੀ ਗਈ। ਐਤਵਾਰ ਨੂੰ ਏਜੰਸੀ ਸੂਤਰਾਂ ਨੇ ਦੱਸਿਆ ਕਿ ਕੁਵੈਤ ਏਅਰ ਨੇ 7 ਪਾਕਿਸਤਾਨੀ ਪਾਇਲਟਾਂ ਅਤੇ 56 ਇੰਜੀਨੀਅਰਾਂ ਨੂੰ ਘਰ ਬਿਠਾ ਦਿੱਤਾ ਹੈ, ਜਦੋਂ ਕਿ ਕਤਰ ਏਅਰਵੇਜ਼, ਓਮਾਨ ਏਅਰ ਅਤੇ ਵੀਅਤਨਾਮ ਏਅਰਲਾਈਨਜ਼ ਨੇ ਪਾਕਿਸਤਾਨੀ ਪਾਇਲਟਾਂ, ਇੰਜੀਨੀਅਰਾਂ ਅਤੇ ਹੋਰ ਮੁਲਾਜ਼ਮਾਂ ਦੀ ਲਿਸਟ ਬਣਾਈ ਹੈ।
ਇਨ੍ਹਾਂ ਕੰਪਨੀਆਂ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਨਾਂ ਇਨ੍ਹਾਂ ਲਿਸਟਾਂ 'ਚ ਹਨ, ਉਹ ਉਦੋਂ ਤੱਕ ਕੰਮ 'ਤੇ ਨਹੀਂ ਆਉਣਗੇ, ਜਦੋਂ ਤੱਕ ਪਾਕਿਸਤਾਨੀ ਅਧਿਕਾਰੀਆਂ ਤੋਂ ਰਿਪੋਰਟ ਨਹੀਂ ਮਿਲ ਜਾਂਦੀ।ਪੀ.ਆਈ.ਏ. ਦੇ ਇਕ ਬੁਲਾਰੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੰਪਨੀ ਨੇ ਵਿਦੇਸ਼ੀ ਮਿਸ਼ਨਾਂ, ਸੰਸਾਰਕ ਰੈਗੂਲੇਟਰੀ ਅਤੇ ਸੁਰੱਖਿਆ ਸੰਗਠਨਾਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਸ ਨੇ ਗਲਤ ਤਰੀਕੇ ਨਾਲ ਲਾਇਸੈਂਸ ਪਾਉਣ ਦੇ ਸ਼ੱਕ ਵਿਚ ਸਾਰੇ 141 ਪਾਇਲਟਾਂ ਦੇ ਕੰਮ 'ਤੇ ਆਉਣ ਤੋਂ ਮਨਾਂ ਕਰ ਦਿੱਤਾ ਹੈ। ਇਸ ਚਿੱਠੀ 'ਤੇ ਪੀ.ਆਈ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਰਸ਼ਦ ਮਲਿਕ ਦੇ ਦਸਤਖਤ ਹਨ।
ਪਾਕਿਸਤਾਨ 'ਚ ਕੋਰੋਨਾ ਦੇ ਮਾਮਲੇ ਵੱਧਣ 'ਤੇ ਯੂ.ਏ.ਈ. ਨੇ ਸਾਰੀਆਂ ਉਡਾਣਾਂ ਕੀਤੀਆਂ ਮੁਲਤਵੀ
ਪਾਕਿਸਤਾਨ 'ਚ 24 ਘੰਟੇ 'ਚ ਕੋਰੋਨਾ ਦੇ 3,557 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਨਫੈਕਸ਼ਨ ਦੇ ਮਾਮਲੇ ਵਧ ਕੇ ਦੋ ਲੱਖ ਤੋਂ ਪਾਰ ਪਹੁੰਚ ਗਏ ਹਨ। ਇਸ ਦੇ ਮੱਦੇਨਜ਼ਰ ਯੂ.ਏ.ਈ. ਨੇ ਉਥੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਟੈਂਪਰੇਰੀ ਤੌਰ 'ਤੇ ਮੁਲਤਵੀ ਕਰ ਦਿੱਤਾ ਹੈ। ਯੂ.ਏ.ਈ. ਨੇ 29 ਜੂਨ ਤੋਂ ਕਿਸੇ ਵੀ ਯਾਤਰੀ ਨੂੰ ਉਦੋਂ ਤੱਕ ਪਾਕਿਸਤਾਨ ਤੋਂ ਵਾਪਸ ਨਾ ਆਉਣ ਦੇਣ ਦਾ ਫੈਸਲਾ ਕੀਤਾ ਹੈ, ਉਦੋਂ ਤੱਕ ਕਿ ਉਸ ਦੀ ਜਾਂਚ ਲਈ ਇਕ ਵਿਸ਼ੇਸ਼ ਕੋਵਿਡ-19 ਪ੍ਰਯੋਗਸ਼ਾਲਾ ਸਥਾਪਿਤ ਨਹੀਂ ਕੀਤੀ ਜਾਂਦੀ। ਪਾਕਿਸਤਾਨ ਤੋਂ ਹੋ ਕੇ ਲੰਘਣ ਵਾਲੀਆਂ ਉਡਾਣਾਂ 'ਤੇ ਵੀ ਇਹ ਨਿਯਮ ਲਾਗੂ ਹੋਵੇਗਾ।