ਗਲਾਸਗੋ ਵਿਖੇ ਸੈਮਸਾ ਦੇ ਪ੍ਰਬੰਧਾਂ ਹੇਠ ਹੋਈ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ

09/29/2019 2:31:33 PM

ਲੰਡਨ/ਗਲਾਸਗੋ (ਮਨਦੀਪ ਖੁਰਮੀ)-ਸਕਾਟਿਸ਼ ਨਸਲੀ ਘੱਟਗਿਣਤੀ ਖੇਡ ਸੰਸਥਾ (ਸੈਮਸਾ) ਦੇ ਪ੍ਰਬੰਧਾਂ ਹੇਠ ਗਲਾਗਸੋ ਵਿਖੇ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਰੰਗਾਂ, ਨਸਲਾਂ, ਭਾਈਚਾਰਿਆਂ ਦੇ ਹੁਨਰਮੰਦ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਮੁਹੱਈਆ ਕਰਵਾਉਣ ਦੇ ਮਨਸ਼ੇ ਤਹਿਤ ਪਿਛਲੇ 21 ਵਰਿਆਂ ਤੋਂ ਸੈਮਸਾ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਗਲਾਸਗੋ ਸਿਟੀ ਕੌਂਸਲ, ਰੌਇਲ ਨੇਵੀ, ਰੌਇਲ ਏਅਰ ਫੋਰਸ, ਬ੍ਰਿਟਿਸ਼ ਆਰਮੀ, ਰੇਂਜਰਜ ਫੁੱਟਬਾਲ ਕਲੱਬ, ਸੈਲਟਿਕ ਫੁੱਟਬਾਲ ਕਲੱਬ, ਪੋਲਿਸ ਸਕੌਟਲੈਂਡ, ਸਪੋਰਟਸ ਕੌਂਸਲ ਫਾਰ ਗਲਾਸਗੋ, ਗਲਾਸਗੋ ਸਪੋਰਟ ਅਤੇ ਗਲਾਸਗੋ ਲਾਈਵ ਸਮੇਤ ਹੋਰ ਵੀ ਅਨੇਕਾਂ ਵੱਕਾਰੀ ਸੰਸਥਾਵਾਂ ਵੱਲੋਂ ਇੰਗਲੈਂਡ ਭਰ 'ਚੋਂ ਪਹੁੰਚੇ ਖਿਡਾਰੀਆਂ ਨੂੰ ਜੀ ਆਇਆਂ ਕਿਹਾ ਗਿਆ। ਇਸ ਚੈਂਪੀਅਨਸ਼ਿਪ ਦੌਰਾਨ ਸਪੋਰਟਿੰਗ ਬੰਗਾਲ, ਕੌਪਿਸ ਯੂਨਾਈਟਿਡ, ਗੁਰਖਾਜ਼, ਬੋਲਟਨ ਯੂਨਾਈਟਿਡ, ਬਲੈਕਬਰਨ ਯੂਨਾਈਟਿਡ, ਵੈੱਲ ਫਾਊਂਡੇਸ਼ਨ, ਆਜ਼ਾਦ ਸਪੋਰਟਸ, ਬੰਗਾਲ ਡਰੈਗਨ ਆਦਿ ਕਲੱਬਾਂ ਨੇ ਹਿੱਸਾ ਲਿਆ।

PunjabKesari

ਗਲਾਸਗੋ ਗਰੀਨ ਫੁੱਟਬਾਲ ਸੈਂਟਰ ਦੇ ਮੈਦਾਨਾਂ 'ਚ ਹੋਏ ਗਹਿਗੱਚ ਮੁਕਾਬਲਿਆਂ 'ਚੋਂ ਕੌਪਿਸ ਯੂਨਾਈਟਿਡ ਫੁੱਟਬਾਲ ਕਲੱਬ ਅਤੇ ਆਜ਼ਾਦ ਸਪੋਰਟਸ ਫੁੱਟਬਾਲ ਕਲੱਬ ਫਾਈਨਲ ਮੁਕਾਬਲੇ ਲਈ ਜੇਤੂ ਟੀਮਾਂ ਵਜੋਂ ਉੱਭਰ ਕੇ ਸਾਹਮਣੇ ਆਈਆਂ। ਜ਼ਿਕਰਯੋਗ ਹੈ ਕਿ ਹਰ ਵਰਗ ਦੇ ਫਾਈਨਲ ਮੈਚ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬਾਂ ਰੇਂਜਰਜ਼ ਅਤੇ ਸੈਲਟਿਕ ਦੇ ਮੈਦਾਨਾਂ 'ਚ ਕਰਵਾ ਕੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ 'ਤੇ ਵਿਚਰਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਇਬਰੌਕਸ ਸਥਿਤ ਰੇਂਜਰਜ ਦੇ ਮੈਦਾਨ ਵਿੱਚ ਕਰਵਾਇਆ ਗਿਆ, ਜਿੱਥੇ ਮੈਚ ਤੋਂ ਪਹਿਲਾਂ ਰੇਂਜਰਜ਼ ਦੇ ਮੈਨੇਜਿੰਗ ਡਾਇਰੈਕਟਰ ਸਟੂਅਰਟ ਰੌਬਰਟਸਨ ਨੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਦਿਲਚਸਪ ਮੁਕਾਬਲੇ ਦੌਰਾਨ ਆਜ਼ਾਦ ਸਪੋਰਟਸ ਕਲੱਬ ਨੇ 5 ਗੋਲ ਕਰਕੇ ਆਪਣੀ ਜਿੱਤ ਦਰਜ਼ ਕੀਤੀ, ਜਦੋਂ ਕਿ ਕੋਪਿਸ ਯੂਨਾਈਟਿਡ ਕਲੱਬ 2 ਗੋਲ ਕਰਕੇ ਉਪ ਜੇਤੂ ਰਹੀ।

ਸੈਮਸਾ ਦੇ ਪ੍ਰਧਾਨ ਅਤੇ ਟਰੱਸਟੀ ਦਿਲਾਵਰ ਸਿੰਘ (ਐੱਮ ਬੀ ਈ), ਮੀਤ ਪ੍ਰਧਾਨ ਮੁਹੰਮਦ ਅਸ਼ਰਫ਼, ਸਕੱਤਰ ਮਰਿਦੁਲਾ ਚੱਕਰਬਰਤੀ, ਖਜ਼ਾਨਚੀ ਤਾਜਾ ਸਿੱਧੂ, ਸ਼ੀਲਾ ਮੁਖਰਜੀ, ਕਮਲਜੀਤ ਮਿਨਹਾਸ, ਮੁਹੰਮਦ ਆਸਿਫ, ਰਜਨੀ ਤਿਆਗੀ, ਦਲਜੀਤ ਦਿਲਬਰ, ਜਿਮ ਸਮਿਥ (ਐੱਮ ਬੀ ਈ), ਜਸ ਜੱਸਲ, ਸੰਜੇ ਮਾਝੂ, ਕੈਸ਼ ਟਾਂਕ ਆਦਿ ਨੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ। ਇਸ ਸਮੇਂ ਵੱਖ-ਵੱਖ ਭਾਈਚਾਰਿਆਂ ਦੇ ਖੇਡ ਪ੍ਰੇਮੀਆਂ ਤੇ ਨਾਮੀ ਹਸਤੀਆਂ ਗਲਾਸਗੋ ਦੀ ਲੌਰਡ ਪਰੋਵੋਸਟ ਕੌਂਸਲਰ ਈਵਾ ਬੋਲੈਂਡਰ, ਹਮਜ਼ਾ ਯੂਸਫ (ਐੱਮ ਐੱਸ ਪੀ), ਐਨਸ ਸਰਵਰ, ਗਲਾਸਗੋ ਸਿਟੀ ਕੌਂਸਲ ਲੀਡਰ ਸੁਜੈਨ ਏਟਕਨ, ਕੌਂਸਲਰ ਡੇਵਿਡ ਮੈਕਡਾਨਲਡ, ਡਾ. ਇੰਦਰਜੀਤ ਸਿੰਘ, ਦਲਜੀਤ ਸਿੰਘ ਦਿਲਬਰ, ਜਗਦੀਸ਼ ਸਿੰਘ, ਗਰੈਗਰੀ ਥਾਮਸ, ਸੁਰਜੀਤ ਸਿੰਘ ਚੌਧਰੀ ਆਦਿ ਨੇ ਜੇਤੂ ਟੀਮਾਂ ਨੂੰ ਆਪੋ ਆਪਣੀਆਂ ਸੰਸਥਾਵਾਂ ਪਾਸੋਂ ਰੌਸ਼ਨ ਭਵਿੱਖ ਲਈ ਵਧਾਈ ਪੇਸ਼ ਕੀਤੀ।


Sunny Mehra

Content Editor

Related News