ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਵਲੋਂ 20ਵਾਂ ਸ੍ਰੀ ਗੁਰੂ ਰਵਿਦਾਸ ਅੰਤਰਰਾਸ਼ਟਰੀ ਧਾਰਮਿਕ ਸਮਾਗਮ 15 ਅਗਸਤ ਨੂੰ

Friday, Aug 13, 2021 - 02:44 PM (IST)

ਰੋਮ/ਇਟਲੀ (ਕੈਂਥ)- ਇਟਲੀ ਦੇ ਸੂਬਾ ਲਾਸੀਓ ਅਤੇ ਰਾਜਧਾਨੀ ਰੋਮ ਦੇ ਅਧੀਨ ਪੈਂਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਵਲੋਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 20ਵਾਂ ਸ੍ਰੀ ਗੁਰੂ ਰਵਿਦਾਸ ਅੰਤਰਰਾਸ਼ਟਰੀ ਧਾਰਮਿਕ ਸਮਾਗਮ 15 ਅਗਸਤ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਸਿਰਜਣ ਵਾਲੇ ਅਵਤਾਰਾਂ, ਮਹਾਂਪੁਰਸ਼ਾਂ ਦੇ ਸੰਦੇਸ਼ਾਂ ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦੇ ਦੱਸੇ ਮਾਰਗ ਤੋਂ ਅੱਜ ਜੋ ਮਨੁੱਖਤਾ ਭਟਕ ਰਹੀ ਹੈ, ਅਵਤਾਰਾਂ ਮਹਾਂਪੁਰਸ਼ਾਂ ਦੀ ਸੋਚ ਅਨੁਸਾਰ ਸਾਨੂੰ ਕੀ ਕਰਨਾ ਚਾਹੀਦਾ ਹੈ। ਉਸ ਵਾਰੇ ਵਿਚਾਰ ਕੀਤਾ ਜਾਵੇਗਾ, ਜਿਨ੍ਹਾਂ ਨੇ ਜਾਤਾਂ ਪਾਤਾਂ ਊਚ-ਨੀਚ ਦੇ ਭੇਦ-ਭਾਵ ਤੋਂ ਉਪਰ ਉੱਠ ਕੇ ਸਮਾਜ ਨੂੰ ਏਕੇ ਦੀ ਮਾਲ਼ਾ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ। 

ਉਨ੍ਹਾਂ ਦੀ ਇਸ ਵਿਚਾਰ ਧਾਰਾ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕਰੀਏ। ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੁਰਿੰਦਰ ਸਿੰਘ ਅਤੇ ਪ੍ਰਬੰਧਕ ਮੈਂਬਰਾਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 15 ਅਗਸਤ ਦਿਨ ਐਤਵਾਰ ਨੂੰ ਸੁਖਮਨੀ ਸਾਹਿਬ ਜੀ ਜਾਪ ਕਰਵਾਏ ਜਾਣਗੇ,ਉਪਰੰਤ ਵੱਖ-ਵੱਖ ਕਵੀਸ਼ਰੀ ਜਥਿਆਂ, ਕੀਰਤਨੀਏ ਜਥਿਆਂ ਵਲੋਂ ਗੁਰਬਾਣੀ, ਕੀਰਤਨ ਅਤੇ ਕਥਾਵਾਂ ਰਾਹੀਂ ਗੁਰੂ ਘਰ ਵਿਖੇ ਇੱਕਤਰ ਹੋਈਆਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ਵਿੱਚ ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਦੇ ਮੁੱਖ ਗ੍ਰੰਥੀ ਭਾਈ ਦਲਵੀਰ ਸਿੰਘ ਦਾ ਕੀਰਤਨੀ ਜਥਾ ਵਿਸ਼ੇਸ਼ ਤੌਰ ਤੇ ਪਹੁੰਚ ਰਿਹਾ ਹੈ। ਸਮਾਗਮ ਵਿਚ ਹਾਜ਼ਰੀਨ ਸੰਗਤਾਂ ਲਈ ਗੁਰੂ ਦਾ ਲੰਗਰ ਅਟੁੱਟ ਵਰਤੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਗੁਰਮਤਿ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।


DIsha

Content Editor

Related News