ਸਿਗਰਟਨੋਸ਼ੀ ਦਾ ਸ਼ਿਕਾਰ ਰਿਹਾ 2 ਸਾਲ ਦਾ ਬੱਚਾ ਹੁਣ ਇਸ ਕਾਰਨ ਆਇਆ ਸੁਰਖੀਆਂ 'ਚ
Monday, Dec 27, 2021 - 11:33 AM (IST)
ਜਕਾਰਤਾ (ਬਿਊਰੋ): ਇੰਡੋਨੇਸ਼ੀਆ ਦਾ ਸਿਰਫ਼ ਦੋ ਸਾਲਾਂ ਦਾ ਇੱਕ ਬੱਚਾ ਚੇਨ ਸਮੋਕਰ ਬਣ ਗਿਆ ਸੀ ਅਤੇ ਇੱਕ ਦਿਨ ਵਿੱਚ 40 ਸਿਗਰਟਾਂ ਪੀਂਦਾ ਸੀ। ਇਸ ਬੱਚੇ ਦਾ ਨਾਂ ਅਰਦੀ ਰਿਜ਼ਾਲ ਹੈ ਅਤੇ ਉਹ ਸੁਮਾਤਰਾ ਦਾ ਰਹਿਣ ਵਾਲਾ ਹੈ। ਜਦੋਂ ਇਸ ਬੱਚੇ ਨੇ 7 ਸਾਲ ਪਹਿਲਾਂ ਸਿਗਰਟ ਪੀਣੀ ਛੱਡ ਦਿੱਤੀ ਸੀ ਤਾਂ ਉਸ ਦਾ ਸਾਰਾ ਸਰੀਰ ਹੀ ਬਦਲ ਗਿਆ। ਸਿਗਰੇਟ ਪੀਣ ਦੀ ਭੈੜੀ ਆਦਤ ਛੱਡਣ ਤੋਂ ਬਾਅਦ ਹੁਣ ਇਹ ਬੱਚਾ ਇੰਨਾ ਬਦਲ ਗਿਆ ਹੈ ਕਿ ਇਸ ਨੂੰ ਪਛਾਨਣਾ ਮੁਸ਼ਕਲ ਹੋ ਰਿਹਾ ਹੈ। ਇਸ ਬੱਚੇ ਦੀ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਹੈ।
ਚੇਨ ਸਮੋਕਿੰਗ ਕਾਰਨ ਅਰਦੀ ਦੀ ਹਾਲਤ ਅਜਿਹੀ ਹੋ ਗਈ ਸੀ ਕਿ ਉਹ ਸਿਗਰਟ ਨਾ ਮਿਲਣ 'ਤੇ ਆਪਣਾ ਸਿਰ ਕੰਧ ਨਾਲ ਟਕਰਾਉਂਦਾ ਸੀ। ਸਾਲ 2010 ਵਿੱਚ ਸਿਗਰੇਟ ਪੀਂਦੇ ਹੋਏ ਧੂੰਏਂ ਵਿੱਚ ਸਾਹ ਲੈਂਦੇ ਹੋਏ ਉਸ ਦੀ ਤਸਵੀਰ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਸੀ। ਸਿਗਰੇਟ ਛੱਡਣ ਦੀ ਔਖੀ ਪ੍ਰਕਿਰਿਆ ਦੇ ਬਾਵਜੂਦ ਅਰਦੀ ਨੇ ਸਫਲਤਾਪੂਰਵਕ ਇਸ ਨੂੰ ਪੂਰਾ ਕੀਤਾ ਅਤੇ ਹੁਣ ਉਹ ਫਲ ਅਤੇ ਸਬਜ਼ੀਆਂ ਖਾਂਦਾ ਹੈ। ਇਸ ਨਾਲ ਉਸ ਦੇ ਸਰੀਰ ਵਿਚ ਵੱਡੀ ਤਬਦੀਲੀ ਆਈ ਹੈ।
18 ਮਹੀਨੇ ਦੀ ਉਮਰ ਵਿਚ ਪਿਤਾ ਨੇ ਪਿਲਾਈ ਸੀ ਸਿਗਰਟ
ਅਰਦੀ ਨੇ ਸਾਲ 2017 ਵਿਚ ਸੀ.ਐੱਨ.ਐੱਨ. ਨੂੰ ਦੱਸਿਆ ਸੀ ਕਿ ਸਿਗਰਟ ਛੱਡਣਾ ਮੇਰੇ ਲਈ ਬਹੁਤ ਮੁਸ਼ਕਲ ਸੀ। ਜੇਕਰ ਮੈਂ ਸਿਗਰਟ ਨਾ ਪੀਂਦਾ ਤਾਂ ਮੇਰੇ ਮੂੰਹ ਦਾ ਸਵਾਦ ਖਰਾਬ ਹੋ ਜਾਂਦਾ ਸੀ ਅਤੇ ਮੇਰਾ ਸਿਰ ਚੱਕਰਾਉਣ ਲੱਗ ਪੈਂਦਾ ਸੀ। ਸਿਗਰਟ ਛੱਡਣ ਤੋਂ ਬਾਅਦ ਹੁਣ ਉਸ ਨੇ ਕਿਹਾ ਕਿ ਹੁਣ ਉਹ ਬਹੁਤ ਖੁਸ਼ ਹੈ। ਉਹ ਹੋਰ ਉਤਸ਼ਾਹਿਤ ਹੋ ਗਿਆ ਹੈ। ਉਸ ਦਾ ਸਰੀਰ ਹੁਣ ਤਾਜ਼ਗੀ ਮਹਿਸੂਸ ਕਰ ਰਿਹਾ ਹੈ। ਦੁਖਦਾਈ ਗੱਲ ਇਹ ਸੀ ਕਿ ਅਰਦੀ ਦੇ ਆਪਣੇ ਪਿਤਾ ਨੇ ਉਸ ਨੂੰ ਪਹਿਲੀ ਵਾਰ ਉਦੋਂ ਸਿਗਰਟ ਪਿਲਾਈ ਸੀ ਜਦੋਂ ਉਹ ਸਿਰਫ 18 ਮਹੀਨੇ ਦਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਭਾਰਤੀ-ਅਮਰੀਕੀ ਅਸ਼ਵਿਨ ਵਾਸਨ ਨਵਾਂ ਸਿਹਤ ਕਮਿਸ਼ਨਰ ਨਿਯੁਕਤ
ਇਸ ਤੋਂ ਬਾਅਦ ਜਦੋਂ ਅਰਦੀ ਨੇ ਸਿਗਰਟ ਨਾ ਮਿਲਣ ਕਾਰਨ ਕੰਧ ਵਿਚ ਸਿਰ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦੀ ਮਾਂ ਡਾਇਨੇ ਨੇ ਸਰਕਾਰ ਦੇ ਆਈਸੀਯੂ ਮਾਹਿਰ ਤੋਂ ਮਦਦ ਮੰਗੀ। ਡਾਇਨੇ ਨੇ ਕਿਹਾ ਕਿ ਜਦੋਂ ਅਰਦੀ ਨੇ ਪਹਿਲੀ ਵਾਰ ਸਿਗਰਟ ਛੱਡੀ ਤਾਂ ਉਸਨੇ ਆਪਣਾ ਸਿਰ ਕੰਧ 'ਤੇ ਮਾਰਨਾ ਸ਼ੁਰੂ ਕਰ ਦਿੱਤਾ। ਸਿਗਰਟ ਨਾ ਮਿਲਣ ਕਾਰਨ ਉਹ ਪਾਗਲ ਜਿਹਾ ਹੋ ਗਿਆ ਸੀ ਅਤੇ ਖੁਦ ਨੂੰ ਹੀ ਮਾਰ ਰਿਹਾ ਸੀ। ਉਸ ਤੋਂ ਬਾਅਦ ਮੈਨੂੰ ਉਸ ਨੂੰ ਸਿਗਰਟ ਦੇਣੀ ਪੈਂਦੀ ਸੀ। ਹਾਲਾਂਕਿ ਹੁਣ ਅਜਿਹਾ ਨਹੀਂ ਹੈ, ਮੈਂ ਹੁਣ ਉਸ ਨੂੰ ਸਿਗਰਟ ਨਹੀਂ ਦਿੰਦੀ ਪਰ ਉਹ ਬਹੁਤ ਜ਼ਿਆਦਾ ਖਾਂਦਾ ਹੈ।