ਨਸ਼ਾ ਤਸਕਰਾਂ ਨੂੰ ਫੜਨ ਗਏ ਪੁਲਸ ਵਾਲਿਆਂ ਨੂੰ ਬਦਮਾਸ਼ਾਂ ਨੇ ਸਾੜਿਆ, 19 ਦੀ ਮੌਤ

10/15/2019 3:30:05 PM

ਮਿਚੋਓਕੇਨ— ਮੈਕਸੀਕੋ ਦੇ ਮਿਚੋਓਕੇਨ 'ਚ ਡਰੱਗਜ਼ ਦੇ ਤਸਕਰਾਂ ਨੂੰ ਫੜਨ ਲਈ ਗਏ ਪੁਲਸ ਕਰਮਚਾਰੀਆਂ ਨਾਲ ਜੋ ਹੋਇਆ ਉਸ ਬਾਰੇ ਜਾਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਮਿਚੋਓਕੇਨ 'ਚ ਜਿਵੇਂ ਹੀ ਡਰੱਗਜ਼ ਤਸਕਰਾਂ ਨੂੰ ਪਤਾ ਲੱਗਾ ਕਿ ਪੁਲਸ ਉਨ੍ਹਾਂ ਖਿਲਾਫ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਆ ਰਹੀ ਹੈ ਤਾਂ ਉਸੇ ਸਮੇਂ ਪਹਿਲਾਂ ਤੋਂ ਤਿਆਰ ਤਸਕਰਾਂ ਤੇ ਬਦਮਾਸ਼ਾਂ ਨੇ ਪੁਲਸ ਵਾਲਿਆਂ 'ਤੇ ਹਮਲਾ ਕਰ ਦਿੱਤਾ। ਦੋਹਾਂ ਪਾਸਿਓਂ ਗੋਲੀਬਾਰੀ ਦੇ ਬਾਅਦ ਭਾਰੀ ਗਿਣਤੀ 'ਚ ਮੌਜੂਦ ਤਸਕਰਾਂ ਨੇ ਪੁਲਸ ਦੇ ਇਕ ਟਰੱਕ ਨੂੰ ਹੀ ਅੱਗ ਲਗਾ ਦਿੱਤੀ ਜਿਸ ਕਾਰਨ 19 ਪੁਲਸ ਵਾਲਿਆਂ ਦੀ ਮੌਤ ਹੋ ਗਈ ਤੇ ਹੋਰ 9 ਜ਼ਖਮੀ ਹੋ ਗਏ।

PunjabKesari

ਅਸਲ 'ਚ ਮੈਕਸੀਕੋ 'ਚ ਡਰੱਗਜ਼ ਤਸਕਰੀ ਨੂੰ ਲੈ ਕੇ ਕੁਝ ਦਿਨਾਂ ਤੋਂ ਪੁਲਸ ਅਤੇ ਤਸਕਰਾਂ ਵਿਚਕਾਰ ਹਿੰਸਾ ਕਾਫੀ ਵਧ ਗਈ ਹੈ। ਰਿਪੋਰਟਾਂ ਮੁਤਾਬਕ ਪੁਲਸ ਅਧਿਕਾਰੀ ਇਕ ਨਿਆਂਇਕ ਹੁਕਮ ਨੂੰ ਲਾਗੂ ਕਰਨ ਲਈ ਅਗੁਲਿੱਲਾ ਦੇ ਐੱਲ. ਅਗੁਆਜੇ ਸਥਿਤ ਇਕ ਘਰ 'ਚ ਗਏ ਸਨ, ਜਿੱਥੇ ਹਥਿਆਰਾਂ ਨਾਲ ਲੈਸ ਕੁੱਝ ਬਦਮਾਸ਼ਾਂ ਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਗਵਰਨਰ ਸਿਲਵਾਨੋ ਐਰੈਓਲਸ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਉਂਦੇ ਹੋਏ ਇਸ ਨੂੰ ਕਾਇਰਾਨਾ ਹਮਲਾ ਆਖਿਆ। ਉਨ੍ਹਾਂ ਨੇ ਕਿਹਾ ਕਿ ਪੁਲਸ 'ਤੇ ਹਮਲਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਛੱਡਿਆ ਨਹੀਂ ਜਾਵੇਗਾ। ਇਲਾਕੇ 'ਚ ਲੁਕ ਕੇ ਬੈਠੇ ਹਮਲਾਵਰਾਂ ਨੇ ਉਨ੍ਹਾਂ 'ਤੇ ਅਚਾਨਕ ਹਮਲਾ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਜੋ ਪਰਚੀ ਛੱਡੀ ਹੈ ਉਸ ਮੁਤਾਬਕ ਹਮਲਾ ਸੀ. ਜੇ. ਐੱਨ. ਜੀ. ਨਾਲ ਜੁੜੇ ਬੰਦੂਕਧਾਰੀਆਂ ਨੇ ਕੀਤਾ ਹੈ।


Related News