ਪਾਕਿਸਤਾਨ : ਖੱਡ 'ਚ ਡਿੱਗੀ ਯਾਤਰੀ ਵੈਨ, 22 ਲੋਕਾਂ ਦੀ ਮੌਤ

06/08/2022 3:10:50 PM

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਪਹਾੜੀ ਬਲੋਚਿਸਤਾਨ ਸੂਬੇ ਵਿਚ ਬੁੱਧਵਾਰ ਨੂੰ ਇਕ ਯਾਤਰੀ ਵਾਹਨ ਦੇ ਸੈਂਕੜੇ ਫੁੱਟ ਡੂੰਘੀ ਖੱਡ ਵਿਚ ਡਿੱਗਣ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਿਲਾ ਸੈਫੁੱਲਾ ਨੇੜੇ ਅਖਤਰਜ਼ਈ ਦੇ ਪਹਾੜੀ ਖੇਤਰ 'ਚ 1,572 ਮੀਟਰ ਦੀ ਉਚਾਈ 'ਤੇ ਤੇਜ਼ ਮੋੜ ਤੋਂ ਲੰਘਣ ਦੌਰਾਨ ਡਰਾਈਵਰ ਵਾਹਨ 'ਤੇ ਕਾਬੂ ਪਾਉਣ 'ਚ ਅਸਫਲ ਰਿਹਾ। 'ਡਾਨ' ਅਖ਼ਬਾਰ ਦੀ ਖ਼ਬਰ ਮੁਤਾਬਕ ਇਸ ਘਟਨਾ 'ਚ ਇਕ ਬੱਚੇ ਸਮੇਤ 22 ਲੋਕਾਂ ਦੀ ਮੌਤ ਹੋ ਗਈ। 

ਪੜ੍ਹੋ ਇਹ ਅਹਿਮ ਖ਼ਬਰ - ਈਰਾਨ 'ਚ ਯਾਤਰੀ ਰੇਲਗੱਡੀ ਪਟੜੀ ਤੋਂ ਉਤਰੀ, 10 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ

ਡਿਪਟੀ ਕਮਿਸ਼ਨਰ ਹਾਫਿਜ਼ ਮੁਹੰਮਦ ਕਾਸਿਮ ਨੇ ਦੱਸਿਆ ਕਿ ਯਾਤਰੀ ਬੱਸ ਜੌਬ ਤੋਂ ਲੋਰਾਲੀਆ ਜਾ ਰਹੀ ਸੀ। ਉਹਨਾਂ ਨੇ ਦੱਸਿਆ ਕਿ ਵਾਹਨ ਅਖ਼ਤਰਜ਼ਈ ਨੇੜੇ ਪਹਾੜੀ ਦੀ ਚੋਟੀ ਤੋਂ ਡਿੱਗ ਗਈ। ਅਸੀਂ ਹੁਣ ਤੱਕ 10 ਲਾਸ਼ਾਂ ਬਰਾਮਦ ਕਰ ਲਈਆਂ ਹਨ ਕਿਉਂਕਿ ਪਹਾੜਾਂ ਵਿੱਚ ਡੂੰਘੀ ਖੱਡ ਕਾਰਨ ਬਚਾਅ ਕਾਰਜ ਮੁਸ਼ਕਲ ਬਣਿਆ ਹੋਇਆ ਹੈ। ਨੇੜਲੇ ਹਸਪਤਾਲਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਬਚਾਅ ਕਾਰਜ ਵਿੱਚ ਮਦਦ ਲਈ ਕਵੇਟਾ ਤੋਂ ਕਈ ਟੀਮਾਂ ਨੂੰ ਬੁਲਾਇਆ ਗਿਆ ਹੈ। 

ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਹਰ ਸੰਭਵ ਇਲਾਜ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਭਵਿੱਖ 'ਚ ਅਜਿਹੇ ਹਾਦਸਿਆਂ ਤੋਂ ਬਚਣ ਲਈ ਕਦਮ ਚੁੱਕਣ ਲਈ ਕਿਹਾ। ਜ਼ਿਕਰਯੋਗ ਹੈ ਕਿ ਦੇਸ਼ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਔਖੇ ਅਤੇ ਪਹਾੜੀ ਇਲਾਕੇ ਕਾਰਨ ਹਰ ਸਾਲ ਸੈਂਕੜੇ ਲੋਕ ਸੜਕ ਹਾਦਸਿਆਂ ਵਿੱਚ ਮਾਰੇ ਜਾਂਦੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News