ਹਾਂਗਕਾਂਗ 'ਚ ਪ੍ਰਦਰਸ਼ਨ ਦੌਰਾਨ ਪੁਲਸ ਨੇ 250 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਲਿਆ ਹਿਰਾਸਤ 'ਚ
Monday, May 11, 2020 - 02:56 PM (IST)

ਹਾਂਗਕਾਂਗ- ਇਕ ਵਾਰ ਫਿਰ ਹਾਂਗਕਾਂਗ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਜਿਸ ਕਾਰਨ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਣ ਦੀਆਂ ਖਬਰਾਂ ਹਨ। ਇਸ ਦੌਰਾਨ 18 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਤੋਂ ਇਲਾਵਾ ਪੁਲਸ ਨੇ 250 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਸ਼ਹਿਰ ਦੇ ਕਈ ਸ਼ਾਪਿੰਗ ਮਾਲਜ਼ ਅੱਗੇ ਖੜ੍ਹੇ ਹੋ ਕੇ ਪ੍ਰਦਰਸ਼ਨ ਕੀਤਾ। ਕੁੱਝ ਲੋਕਾਂ ਨੇ ਮੋਂਗ ਕੋਕ ਸ਼ਾਪਿੰਗ ਇਲਾਕੇ ਨੂੰ ਬਲਾਕ ਕਰ ਦਿੱਤਾ।
ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਪੁਲਸ ਨੇ ਟੀਅਰ ਗੈਸ ਦੀ ਵਰਤੋਂ ਕੀਤੀ ਤੇ 250 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਵਿਧਾਇਕ ਰਾਏ ਕਵਾਂਗ ਵੀ ਹਨ, ਜੋ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਸਮਝੌਤਾ ਕਰਵਾਉਣ ਗਏ ਸਨ।
ਜ਼ਿਕਰਯੋਗ ਹੈ ਕਿ ਜੂਨ 2019 ਤੋਂ ਹਾਂਗਕਾਂਗ ਵਿਚ ਪ੍ਰਦਰਸ਼ਨ ਹੋ ਰਹੇ ਹਨ। ਤਦ ਤੋਂ ਹੁਣ ਤਕ 7 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਇਹ ਪ੍ਰਦਰਸ਼ਨ ਰੁਕ ਗਿਆ ਸੀ ਤੇ ਹੁਣ ਫਿਰ ਤੋਂ ਹੌਲੀ-ਹੌਲੀ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ ਹਨ। ਕੁੱਝ ਹਫਤੇ ਪਹਿਲਾਂ ਹੀ ਹਾਂਗਕਾਂਗ ਦੀ ਪੁਲਸ ਨੇ ਲੋਕਤੰਤਰ ਸਮਰਥਕ 14 ਮੁੱਖ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਸੀ।