ਚੀਨ ਦੀ ਕੋਲਾ ਖਦਾਨ ’ਚ ਸਾਹ ਘੁੱਟਣ ਕਾਰਣ 16 ਲੋਕਾਂ ਦੀ ਮੌਤ
Sunday, Sep 27, 2020 - 06:35 PM (IST)

ਬੀਜਿੰਗ-ਦੱਖਣੀ-ਪੱਛਮੀ ਚੀਨ ’ਚ ਕੋਲੇ ਦੀ ਇਕ ਖਦਾਨ ’ਚ ਐਤਵਾਰ ਨੂੰ ਕਾਰਬਨ ਮੋਨਾਕਸਾਇਡ ਦਾ ਪੱਧਰ ਜ਼ਿਆਦਾ ਵਧ ਜਾਣ ਕਾਰਣ 16 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਤੇ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਚੋਂਗਚਿੰਗ ਨਗਰ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦੱਸਿਆ ਕਿ ਖਦਾਨ ’ਚ ਕੁੱਲ 17 ਲੋਕ ਫਸ ਗਏ ਸਨ। ਇਕ ਵਿਅਕਤੀ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹੋਰਾਂ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਸ਼ਿਨਹੂਆ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਕਨਵੇਅਰ ਬੈਲਟ ਦੇ ਸੜਨ ਕਾਰਣ ਕਾਰਬਨ ਮੋਨਾਕਸਾਈਡ ਦਾ ਪੱਧਰ ਵਧ ਗਿਆ ਸੀ। ਹਾਲਾਂਕਿ ਅਜੇ ਇਹ ਨਹੀਂ ਦੱਸਿਆ ਗਿਆ ਹੈ ਕਿ ਕਨਵੇਅਰ ਬੈਲਟ ਕਿਸ ਤਰ੍ਹਾਂ ਦੀ ਸੀ। ਦੱਸ ਦੇਈਏ ਕਿ ਕੋਲੇ ਦੀ ਭੂਮੀਗਤ ਖਦਾਨ ’ਚੋਂ ਕੋਲਾ ਬਾਹਰ ਕੱਢਣ ਲਈ ਰਬੜ ਦੀ ਕਨਵੇਅਰ ਬੈਲਟ ਦਾ ਵੀ ਇਸਤੇਮਾਲ ਹੁੰਦਾ ਹੈ। ਖਬਰ ’ਚ ਜ਼ਿਲਾ ਪ੍ਰਸ਼ਾਸਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕਿਜਿਯਾਂਗ ਜ਼ਿਲੇ ’ਚ ਸਥਿਤ ਇਹ ਖਦਾਨ ਸਥਾਨਕ ਊਰਜਾ ਕੰਪਨੀ ਨਾਲ ਸੰਬੰਧਤ ਹੈ।