ਇਟਲੀ ''ਚ ਕੋਰੋਨਾ ਵਾਇਰਸ ਦੇ 16 ਕੇਸ ਆਏ ਸਾਹਮਣੇ, ਕਾਦੋਨੀ 1 ਦੇ ਸਕੂਲ-ਹੋਟਲ ਬੰਦ

02/22/2020 9:59:21 AM

ਰੋਮ,(ਕੈਂਥ)— ਇਟਲੀ ਦੇ ਸੂਬੇ ਲੰਮਬਾਰਦੀਆ ਵਿਚ ਕੋਰੋਨਾ ਵਾਇਰਸ ਦੇ ਇਕ ਹੋਰ ਮਰੀਜ਼ ਦੇ ਮਿਲਣ 'ਤੇ ਹੜਕੰਪ ਮਚ ਗਿਆ। ਬੀਤੇ ਦਿਨ ਕਾਦੋਨੀ 1 ਦੇ ਹਸਪਤਾਲ ਵਿਚ ਸਾਹ ਦੀ ਬੀਮਾਰੀ ਨਾਲ ਪੀੜਤ ਹੋਣ ਕਰਕੇ 38 ਸਾਲਾ ਇਟਾਲੀਅਨ ਦਾਖਲ ਹੋਇਆ। ਜਦੋਂ ਉਸ ਦੀ ਡਾਕਟਰੀ ਜਾਂਚ ਚੱਲ ਹੀ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਇਕ ਚੀਨੀ ਦੋਸਤ ਨੂੰ ਫਰਵਰੀ ਦੇ ਪਹਿਲੇ ਹਫਤੇ ਰਾਤ ਦੇ ਖਾਣੇ 'ਤੇ ਮਿਲਿਆ ਸੀ । ਉਸ ਤੋਂ ਬਆਦ ਹਸਪਤਾਲ ਵਿਚ ਡਾਕਟਰਾਂ ਦੀ ਟੀਮ ਨੇ ਪਹਿਲ ਦੇ ਅਧਾਰ 'ਤੇ ਕੋਰੋਨਾ ਵਾਇਰਸ ਦੇ ਟੈਸਟ ਕੀਤੇ ਅਤੇ ਪਤਾ ਲੱਗਾ ਕਿ ਉਹ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਿਆ ਹੈ। ਇਸ ਮਗਰੋਂ ਉਸ ਦੀ ਗਰਭਵਤੀ ਘਰਵਾਲੀ ਦਾ ਟੈਸਟ ਕੀਤਾ ਗਿਆ ਅਤੇ ਉਹ ਵੀ ਕੋਰੋਨਾ ਵਾਇਰਸ ਨਾਲ ਪੀੜਤ ਹੈ ਤੇ ਉਸ ਨੂੰ ਤੁਰੰਤ ਸਾਕੋ ਦੀ ਮਿਲਾਨੋ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ, ਜਿੱਥੇ ਇਨ੍ਹਾਂ ਦੋਹਾਂ ਦਾ ਇਲਾਜ ਚੱਲ ਰਿਹਾ ਹੈ ।ਇਸ ਖਬਰ ਨਾਲ ਕਾਦੋਨੀ 1 ਇਲਾਕੇ ਦੇ ਸਕੂਲ ,ਬਾਰ ,ਹੋਟਲ ,ਖੇਡ ਮੈਦਾਨ ਸਾਵਧਾਨੀ ਦੇ ਤੌਰ 'ਤੇ ਐਤਵਾਰ ਤਕ ਬੰਦ ਕਰ ਦਿੱਤੇ ਗਏ ਹਨ ।

ਸਬੰਧਤ ਮਹਿਕਮੇ ਵਲੋਂ ਇਟਲੀ ਦੇ ਸ਼ਹਿਰ ਕਾਦੋਨੀ 1 ਅਤੇ ਨਾਲ ਲੱਗਦੇ ਇਲਾਕੇ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਇਹ ਮਰੀਜ਼ ਪਿਛਲੇ ਦਿਨਾਂ ਵਿਚ ਜਿੱਥੇ ਵੀ ਗਏ, ਉਨ੍ਹਾਂ ਲੋਕਾਂ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ਖਾਸ ਕਰਕੇ ਉਨ੍ਹਾਂ ਵਿਚ ਜੋ 38 ਸਾਲਾ ਇਟਾਲੀਅਨ ਨਾਲ ਇਕ ਅੰਤਰਰਾਸ਼ਟਰੀ ਫੈਕਟਰੀ ਵਿਚ ਕੰਮ ਕਰ ਰਹੇ ਸਨ। ਸਿਹਤ ਮੰਤਰੀ ਰੋਬੈਰਤੋ ਸਪਰਆਨਸਾ ਨੇ ਕਿਹਾ ਕਿ ਇਟਲੀ ਵਿਚ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਲਈ ਹਸਪਤਾਲਾਂ ਵਿਚ ਵਿਸ਼ੇਸ਼ ਥਾਂ ਦੇ ਪ੍ਰਬੰਧ ਕੀਤੇ ਹਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲੇਗਾ। ਉਨ੍ਹਾਂ ਕਾਦੋਨੀ 1 , ਕਸਤੀਲੀਉਨੀ ਦਾਦਾ, ਕਾਜਲਪੁਸਤਰਲੇਗੋ, ਮਾਲੇ 1, ਫੁਮਬੀ 1,ਵਿਰਤੋਨੀਕੋ, ਕਾਸਤ ਜੀਰੋਦੋ, ਤੈਰਾਨੋਵਾ ਦੀ ਪਸਰੀਨੀ, ਸੋਮਾਲੀਆ, ਸਮਪਾਰੀਨੋ ਆਦਿ ਪਿੰਡਾਂ ਦੇ ਲੋਕਾਂ ਨੂੰ ਹਿਦਾਇਤ ਜਾਰੀ ਕੀਤੀ ਕਿ ਉਹ ਆਪਣੇ ਘਰਾਂ ਤੋਂ ਘੱਟ ਬਾਹਰ ਨਿਕਣ ਅਤੇ ਬੀਮਾਰ ਹੋਣ ਦੀ ਸੂਰਤ ਵਿਚ ਜਲਦੀ ਹਸਪਤਾਲ ਵਿਚ ਚੈੱਕਅਪ ਕਰਵਾਉਣ । ਇਟਲੀ ਦੇ ਸੂਬੇ ਵੇਨੇਟੋ ਖੇਤਰ 'ਚ ਪਾਡੁਆ ਸ਼ਹਿਰ ਵਿਚ ਰਹਿ ਰਹੇ ਦੋ ਵਿਅਕਤੀਆਂ (78 ਅਤੇ 67 ਸਾਲਾ) ਨੂੰ ਹਸਪਤਾਲ 'ਚ ਰੱਖਿਆ ਗਿਆ ਸੀ, ਜਿਨ੍ਹਾਂ 'ਚੋਂ ਇਕ ਦੀ ਅੱਜ ਮੌਤ ਹੋ ਗਈ। ਡਾਕਟਰੀ ਟੀਮ ਵਲੋਂ ਇਸ ਇਲਾਕੇ ਦੇ 120 ਲੋਕਾਂ ਦੀ ਡਾਕਟਰੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 77 ਲੋਕ ਵਿਸ਼ੇਸ਼ ਜਾਂਚ ਅਧੀਨ ਹਨ।


Related News