ਵਿਕਟੋਰੀਆ ''ਚ ਪਏ ਗੜਿਆਂ ਨੇ ਲੋਕਾਂ ਲਈ ਖੜ੍ਹੀ ਕੀਤੀ ਮੁਸੀਬਤ, ਹਜ਼ਾਰਾਂ ਘਰਾਂ ਦੀ ਬਿਜਲੀ ਠੱਪ

12/20/2017 3:01:48 PM

ਵਿਕਟੋਰੀਆ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਕੱਲ ਭਾਵ ਮੰਗਲਵਾਰ ਦੀ ਦੁਪਹਿਰ ਨੂੰ ਤੇਜ਼ ਤੂਫਾਨ, ਭਾਰੀ ਮੀਂਹ ਦੇ ਨਾਲ-ਨਾਲ ਗੜੇ ਵੀ ਪਏ। ਮੀਂਹ ਕਾਰਨ ਮੌਸਮ 'ਚ ਬਦਲਾਅ ਤਾਂ ਆਇਆ ਹੈ ਪਰ ਵੱਡੇ ਪੱਧਰ 'ਤੇ ਨੁਕਸਾਨ ਵੀ ਹੋਇਆ ਹੈ। ਗੜਿਆਂ ਕਾਰਨ ਵੱਡੀ ਗਿਣਤੀ 'ਚ ਕਾਰਾਂ ਨੂੰ ਨੁਕਸਾਨ ਪੁੱਜਾ ਅਤੇ ਬਿਜਲੀ ਦੀਆਂ ਤਾਰਾਂ ਹੇਠਾਂ ਵੱਲ ਝੁਕ ਗਈਆਂ। ਤੇਜ਼ ਤੂਫਾਨ ਕਾਰਨ ਖੇਤਰੀ ਇਲਾਕਿਆਂ 'ਚ ਤਕਰੀਬਨ 16,000 ਘਰ ਬਿਨਾਂ ਬਿਜਲੀ ਦੇ ਰਹਿ ਰਹੇ ਹਨ। ਵਿਕਟੋਰੀਆ, ਮੈਲਬੌਰਨ 'ਚ ਭਾਰੀ ਮੀਂਹ ਪਿਆ ਅਤੇ ਮਹਜ 15 ਮਿੰਟਾਂ 'ਚ ਹੀ ਸ਼ਹਿਰ ਪਾਣੀ-ਪਾਣੀ ਹੋ ਗਿਆ। ਭਾਰੀ ਮੀਂਹ ਕਾਰਨ ਮੈਲਬੌਰਨ ਦਾ ਤਾਪਮਾਨ 12 ਡਿਗਰੀ ਹੇਠਾਂ ਡਿੱਗ ਗਿਆ। 

PunjabKesari
ਤੇਜ਼ ਤੂਫਾਨ ਕਾਰਨ ਦਰੱਖਤ ਟੁੱਟ ਕੇ ਸੜਕਾਂ 'ਤੇ ਡਿੱਗ ਗਏ। ਐਮਰਜੈਂਸੀ ਅਧਿਕਾਰੀਆਂ ਵਲੋਂ ਸੜਕਾਂ ਨੂੰ ਸਾਫ ਕਰਨ ਦਾ ਕੰਮ ਜਾਰੀ ਹੈ। ਲੋਕਾਂ ਨੂੰ ਧਿਆਨ ਨਾਲ ਡਰਾਈਵਿੰਗ ਕਰਨ ਦੀ ਸਲਾਹ ਦਿੱਤੀ ਗਈ ਹੈ। ਵਿਕਟੋਰੀਆ ਦੇ ਕੁਝ ਇਲਾਕਿਆਂ ਵਿਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚਲੀਆਂ। ਐਮਰਜੈਂਸੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਮਦਦ ਲਏ ਆਏ ਤਕਰੀਬਨ 1800 ਫੋਨ ਕਾਲ ਦਾ ਜਵਾਬ ਦਿੱਤਾ। ਅਜੇ ਵੀ ਕਈ ਇਲਾਕਿਆਂ 'ਚ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ ਅਤੇ ਲੋਕਾਂ ਨੂੰ ਧੀਰਜ ਬਣਾ ਕੇ ਰੱਖਣ ਲਈ ਕਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਸਪਲਾਈ ਨੂੰ ਮੁੜ ਬਹਾਲ ਕੀਤਾ ਜਾ ਸਕੇ, ਇਸ ਲਈ ਉਹ ਇਸ ਕੰਮ 'ਚ ਜੁਟੇ ਹੋਏ ਹਨ।


Related News