ਪਾਕਿਸਤਾਨ ਦੇ ਬਲੋਚਿਸਤਾਨ ''ਚ 14 ਸੁਰੱਖਿਆ ਮੁਲਾਜ਼ਮਾਂ ਦੀ ਮੌਤ, 21 ਅੱਤਵਾਦੀ ਵੀ ਮਾਰੇ ਗਏ : ਫ਼ੌਜ

Tuesday, Aug 27, 2024 - 05:46 AM (IST)

ਪਾਕਿਸਤਾਨ ਦੇ ਬਲੋਚਿਸਤਾਨ ''ਚ 14 ਸੁਰੱਖਿਆ ਮੁਲਾਜ਼ਮਾਂ ਦੀ ਮੌਤ, 21 ਅੱਤਵਾਦੀ ਵੀ ਮਾਰੇ ਗਏ : ਫ਼ੌਜ

ਇਸਲਾਮਾਬਾਦ (ਯੂ. ਐੱਨ. ਆਈ.) : ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿਚ ਇਕ ਆਪ੍ਰੇਸ਼ਨ ਵਿਚ 14 ਸੁਰੱਖਿਆ ਮੁਲਾਜ਼ਮ ਅਤੇ 21 ਅੱਤਵਾਦੀ ਮਾਰੇ ਗਏ ਹਨ। ਪਾਕਿਸਤਾਨੀ ਫ਼ੌਜ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਕਿਹਾ ਕਿ ਅੱਤਵਾਦੀਆਂ ਨੇ ਬਲੋਚਿਸਤਾਨ ਵਿਚ ਕਈ ਘਿਨਾਉਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਮੁੱਖ ਉਦੇਸ਼ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਸੂਬੇ ਦੇ ਸ਼ਾਂਤੀਪੂਰਨ ਮਾਹੌਲ ਅਤੇ ਵਿਕਾਸ ਨੂੰ ਵਿਗਾੜਨਾ ਸੀ। ਆਈਐੱਸਪੀਆਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਨੇ ਬਲੋਚਿਸਤਾਨ ਦੇ ਵੱਖ-ਵੱਖ ਇਲਾਕਿਆਂ ਖਾਸ ਕਰਕੇ ਮੂਸਾ ਖੇਲ, ਕਲਾਤ ਅਤੇ ਲਾਸ ਬੇਲਾ ਜ਼ਿਲ੍ਹਿਆਂ ਵਿਚ ਹਮਲੇ ਕੀਤੇ ਹਨ, ਜਿਨ੍ਹਾਂ ਵਿਚ ਕਈ ਲੋਕ ਮਾਰੇ ਗਏ ਹਨ ਅਤੇ ਕਈ ਜ਼ਖਮੀ ਹੋਏ ਹਨ।

ਆਈਐੱਸਪੀਆਰ ਮੁਤਾਬਕ, ਅੱਤਵਾਦੀਆਂ ਨੇ ਮੂਸਾ ਖੇਲ ਜ਼ਿਲ੍ਹੇ ਵਿਚ ਇਕ ਬੱਸ ਨੂੰ ਰੋਕਿਆ ਅਤੇ ਬਲੋਚਿਸਤਾਨ ਵਿਚ ਕੰਮ ਕਰ ਰਹੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ 23 ਯਾਤਰੀ ਮਾਰੇ ਗਏ। ਬਾਅਦ ਦੇ ਕਲੀਅਰੈਂਸ ਆਪ੍ਰੇਸ਼ਨ ਵਿਚ ਸੁਰੱਖਿਆ ਬਲਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ 21 ਅੱਤਵਾਦੀ ਮਾਰੇ ਗਏ ਸਨ। ਹਾਲਾਂਕਿ, ਇਸ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਦੇ 10 ਜਵਾਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਚਾਰ ਜਵਾਨ ਵੀ ਸ਼ਹੀਦ ਹੋ ਗਏ।

ਆਈਐੱਸਪੀਆਰ ਨੇ ਕਿਹਾ ਕਿ ਕਲੀਅਰੈਂਸ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਿਨਾਉਣੀਆਂ ਕਾਰਵਾਈਆਂ ਦੇ ਦੋਸ਼ੀਆਂ ਅਤੇ ਮਦਦਗਾਰਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ। ਪਾਕਿਸਤਾਨੀ ਫੌਜ ਨੇ ਕਿਹਾ ਕਿ ਪਾਕਿਸਤਾਨ ਦੇ ਸੁਰੱਖਿਆ ਬਲ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਬਲੋਚਿਸਤਾਨ ਦੀ ਸ਼ਾਂਤੀ, ਸਥਿਰਤਾ ਅਤੇ ਤਰੱਕੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਦ੍ਰਿੜ੍ਹ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News