‘ਓਮੀਕ੍ਰੋਨ’ ਦੀ ਦਹਿਸ਼ਤ ’ਚ 14 ਹੋਰ ਦੇਸ਼ਾਂ ਨੇ ਕੀਤੀ ‘ਐਂਟਰੀ ਬੈਨ’

11/29/2021 9:17:44 AM

ਨਵੀਂ ਦਿੱਲੀ/ਤੇਲ ਅਵੀਵ/ਮਾਸਕੋ/ ਜੋਹਾਨਸਬਰਗ/ਜਿਨੇਵਾ (ਏਜੰਸੀਆਂ)- ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਮਾਮਲੇ ਕਈ ਹੋਰ ਦੇਸ਼ਾਂ ’ਚ ਪਾਏ ਗਏ ਹਨ। ਸਭ ਤੋਂ ਜ਼ਿਆਦਾ ਨੀਦਰਲੈਂਡ ’ਚ 13 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਬੈਲਜੀਅਮ, ਚੈੱਕ ਗਣਰਾਜ, ਇਟਲੀ, ਆਸਟਰੇਲੀਆ ਅਤੇ ਯੂਰਪ ਦੇ ਕਈ ਦੇਸ਼ਾਂ ’ਚ ਵੀ ਐਤਵਾਰ ਨੂੰ ਨਵੇਂ ਮਾਮਲੇ ਸਾਹਮਣੇ ਆਏ। ਓਮੀਕ੍ਰੋਨ ਦੀ ਦਹਿਸ਼ਤ ਕਾਰਨ 14 ਹੋਰ ਦੇਸ਼ਾਂ ਇਜ਼ਰਾਈਲ, ਕੁਵੈਤ, ਨਿਊਜ਼ੀਲੈਂਡ, ਥਾਇਲੈਂਡ, ਇੰਡੋਨੇਸ਼ੀਆ, ਸਿੰਗਾਪੁਰ ਅਤੇ ਮਾਲਦੀਵ, ਬੰਗਲਾਦੇਸ਼, ਪਾਕਿ, ਚੈੱਕ ਗਣਰਾਜ, ਜਰਮਨੀ, ਇਟਲੀ, ਨੇਪਾਲ ਅਤੇ ਨੀਦਰਲੈਂਡ ਨੇ ਵਿਦੇਸ਼ੀ ਯਾਤਰੀਆਂ ਦੀ ਐਂਟਰੀ ’ਤੇ ਬੈਨ ਲਾ ਦਿੱਤਾ ਹੈ।

ਇਹ ਵੀ ਪੜ੍ਹੋ : ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਮਿਲੇਗਾ 3 ਅਰਬ ਡਾਲਰ ਦਾ ਕਰਜ਼ਾ

ਇਜ਼ਰਾਈਲ ਨੇ ਅੰਤਰਰਾਸ਼ਟਰੀ ਸਰਹੱਦ ਕੀਤੀ ਸੀਲ
ਓਮੀਕ੍ਰੋਨ ਕਾਰਨ ਇਜ਼ਰਾਈਲ ਨੇ ਸਾਰੇ ਵਿਦੇਸ਼ੀ ਯਾਤਰੀਆਂ ਦੀ ਆਵਾਜਾਈ ਰੋਕ ਦਿੱਤੀ ਹੈ ਅਤੇ ਅੰਤਰਰਾਸ਼ਟਰੀ ਸਰਹੱਦ ਵੀ ਸੀਲ ਕਰ ਦਿੱਤੀ ਹੈ। ਦੇਸ਼ ’ਚ ਓਮੀਕ੍ਰੋਨ ਵੈਰੀਐਂਟ ਤੋਂ ਪੀੜਤ ਪਹਿਲਾ ਮਰੀਜ਼ਮ ਮਿਲਿਆ ਸੀ। ‘ਦਿ ਟਾਈਮਸ ਆਫ ਇਜ਼ਰਾਈਲ’ ਦੇ ਮੁਤਾਬਕ ਸਰਕਾਰ ਨੇ ਫਿਲਹਾਲ 14 ਦਿਨ ਲਈ ਫਾਰੇਨ ਪੈਸੇਂਜਰਸ ’ਤੇ ਬੈਨ ਲਾਇਆ ਹੈ। ਪਾਬੰਦੀ ਲਾਗੂ ਵੀ ਹੋ ਗਈ ਹੈ। ਵਿਦੇਸ਼ੀਆਂ ਦੀ ਐਂਟਰੀ ਬੈਨ ਕਰਨ ਵਾਲਾ ਇਹ ਪਹਿਲਾ ਦੇਸ਼ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਜੇਕਰ ਕੋਈ ਵੈਕਸੀਨੇਟਿਡ ਇਜ਼ਰਾਈਲੀ ਨਾਗਰਿਕ ਦੇਸ਼ ਵਾਪਸ ਆਉਂਦਾ ਹੈ ਤਾਂ ਉਸ ਨੂੰ ਕੋਰੋਨਾ ਟੈਸਟ ਕਰਾਉਣਾ ਹੋਵੇਗਾ। 72 ਘੰਟੇ ਕੁਆਰੰਟਾਇਨ ਰਹਿਣਾ ਪਵੇਗਾ। ਕੁਆਰੰਟਾਇਨ ਪੀਰੀਅਡ ਖਤਮ ਹੋਣ ’ਤੇ ਫਿਰ ਕੋਰੋਨਾ ਟੈਸਟ ਹੋਵੇਗਾ। ਸਾਰੀਆਂ ਰਿਪੋਰਟਾਂ ਨੈਗੇਟਿਵ ਆਉਣੀਆਂ ਜ਼ਰੂਰੀ ਹੈ।

ਬ੍ਰਿਟੇਨ ’ਚ ਬਿਨਾਂ ਮਾਸਕ ਪਬਲਿਕ ਟਰਾਂਸਪੋਰਟ ’ਚ ਐਂਟਰੀ ਬੈਨ
ਬ੍ਰਿਟੇਨ ’ਚ 2 ਲੋਕਾਂ ’ਚ ਓਮੀਕ੍ਰੋਨ ਪਾਏ ਜਾਣ ’ਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਬਿਨਾਂ ਮਾਸਕ ਪਬਲਿਕ ਟਰਾਂਸਪੋਰਟ ਅਤੇ ਦੁਕਾਨਾਂ ’ਚ ਐਂਟਰੀ ਬੈਨ ਕਰ ਦਿੱਤੀ ਗਈ ਹੈ। ਜਾਨਸਨ ਨੇ ਹੁਣ ਵਿਦੇਸ਼ ਤੋਂ ਆਉਣ ਵਾਲੇ ਹਰ ਯਾਤਰੀ ਦਾ ਆਰ. ਟੀ. ਪੀ. ਸੀ. ਆਰ. ਟੈਸਟ ਕੀਤਾ ਜਾਵੇਗਾ। ਅਜਿਹੇ ਯਾਤਰੀ ਨੈਗੇਟਿਵ ਰਿਪੋਰਟ ਆਉਣ ਤੱਕ ਕੁਆਰੰਟਾਇਨ ਕੀਤੇ ਜਾਣਗੇ।

ਇਹ ਵੀ ਪੜ੍ਹੋ : ਡਰੱਗ ਤਸਕਰੀ ਮਾਮਲਾ: ਸਿੰਗਾਪੁਰ 'ਚ 2 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਮੌਤ ਦੀ ਸਜ਼ਾ

ਸਾਊਥ ਅਫਰੀਕਾ ’ਚ ਲਾਕਡਾਊਨ ਤੋਂ ਪਹਿਲਾਂ ਹੀ ਵਿਰੋਧ
ਸਾਊਥ ਅਫਰੀਕਾ ’ਚ ਕੋਰੋਨਾ ਦੇ ਓਮੀਕ੍ਰੋਨ ਵੈਰੀਐਂਟ ਨੂੰ ਲੈ ਕੇ ਟੂਰਿਜ਼ਮ ਅਤੇ ਲਿਕਰ ਇੰਡਸਟਰੀ ਦੀ ਹੋਂਦ ’ਤੇ ਹੀ ਖ਼ਤਰਾ ਮੰਡਰਾਉਣ ਲੱਗਾ ਹੈ। ਜਿਸ ਕਾਰਨ ਸਥਾਨਕ ਲੋਕਾਂ ਨੇ ਸਾਊਥ ਅਫਰੀਕਾ ’ਚ ਫਿਰ ਤੋਂ ਸਖ਼ਤ ਲਾਕਡਾਊਨ ਲਗਾਉਣ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ।

ਕੋਰੋਨਾ ਦੇ ਸਟ੍ਰੇਨ ਓਮੀਕ੍ਰੋਨ ਤੋਂ ਘਬਰਾਓ ਨਾ : ਡਬਲਯੂ. ਐੱਚ. ਓ.
ਰੂਸ ’ਚ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਪ੍ਰਤਿਨਿੱਧੀ ਮੇਲਿਤਾ ਵੁਜਨੋਵਿਕ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਓਮੀਕ੍ਰੋਨ ਤੋਂ ਨਾ ਘਬਰਾਓ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਅਫਰੀਕਾ ਦੇ ਕੋਲ ਲੋੜੀਂਦੀ ਵੈਕਸੀਨ ਨਹੀਂ ਹੈ, ਅਜਿਹੇ ’ਚ ਕੌਮਾਂਤਰੀ ਭਾਈਚਾਰੇ ਨੂੰ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਮੰਨਿਆ ਕਿ ਓਮੀਕ੍ਰੋਨ ਵੈਰੀਐਂਟ ਹੋਰ ਸਟ੍ਰੇਨਾਂ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਹੋ ਸਕਦਾ ਹੈ।

ਮੈਡੀਕਲ ਡਾਟਾ ’ਚ ਪਾਰਦਰਸ਼ਿਤਾ ਲਈ ਬਿਨਾਂ ਸੋਚੇ-ਸਮਝੇ ਪ੍ਰਤੀਕਿਰਿਆ ਦੇਣ ਤੋਂ ਬਚੇ ਦੁਨੀਆ : ਦੱਖਣ ਅਫਰੀਕਾ
ਦੱਖਣ ਅਫਰੀਕਾ ਦੇ ਚੋਟੀ ਦੇ ਸਿਹਤ ਮਹਾਸੰਘ ਨੇ ਐਤਵਾਰ ਨੂੰ ਉਨ੍ਹਾਂ 18 ਦੇਸ਼ਾਂ ਦੀ ਖਿਚਾਈ ਕੀਤੀ, ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਨਵੇਂ ਬਹੁਤ ਜ਼ਿਆਦਾ ਖਤਰਨਾਕ ਸਰੂਪ ਓਮੀਕ੍ਰੋਨ ਦੇ ਖਦਸ਼ੇ ’ਤੇ ਦੇਸ਼ ’ਤੇ ਯਾਤਰਾ ਪਾਬੰਦੀਆਂ ਲਾਈਆਂ ਹਨ। ਉਸ ਨੇ ਕਿਹਾ ਕਿ ਦੁਨੀਆ ਨੂੰ ਜੇਕਰ ਮਹੱਤਵਪੂਰਣ ਮੈਡੀਕਲ ਡਾਟਾ ਸਾਂਝਾ ਕਰਨ ’ਚ ਪਾਰਦਰਸ਼ਿਤਾ ਚਾਹੀਦੀ ਹੈ ਤਾਂ ਉਸ ਨੂੰ ਇਸ ਤਰ੍ਹਾਂ ਦੀ ‘ਬਿਨਾਂ ਸੋਚੇ-ਸਮਝੇ ਕੀਤੀ ਗਈ ਪ੍ਰਤੀਕਿਰਿਆ’ ਤੋਂ ਬਚਣਾ ਚਾਹੀਦਾ ਹੈ। ਉਥੇ ਹੀ ਦੱਖਣ ਅਫਰੀਕਾ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਸਟ੍ਰੇਨ ਦੇ ਪ੍ਰਸਾਰ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਅਤੇ ਹੋਰ ਦੇਸ਼ਾਂ ਦੇ ਨਾਲ ਸੰਪਰਕ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਨਾਲ ਨਜਿੱਠਣ ਲਈ ਜ਼ਿਆਦਾ ਪੈਸਾ ਅਤੇ ਮੈਡੀਕਲ ਸਹਾਇਤਾ ਦੀ ਲੋੜ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


DIsha

Content Editor

Related News