ਅਧਿਐਨ 'ਚ ਖੁਲਾਸਾ, ਇੱਕ ਸਾਲ 'ਚ ਲੈਟਿਨ ਅਮਰੀਕਾ 'ਚ 13.8 ਮਿਲੀਅਨ ਤੋਂ ਵੱਧ ਲੋਕ ਭੁੱਖਮਰੀ ਦੇ ਸ਼ਿਕਾਰ

Wednesday, Dec 01, 2021 - 04:52 PM (IST)

ਅਧਿਐਨ 'ਚ ਖੁਲਾਸਾ, ਇੱਕ ਸਾਲ 'ਚ ਲੈਟਿਨ ਅਮਰੀਕਾ 'ਚ 13.8 ਮਿਲੀਅਨ ਤੋਂ ਵੱਧ ਲੋਕ ਭੁੱਖਮਰੀ ਦੇ ਸ਼ਿਕਾਰ

ਸੈਂਟੀਆਗੋ (ਆਈਏਐੱਨਐੱਸ): ਚਿਲੀ ਦੇ ਸੈਂਟੀਆਗੋ ਵਿੱਚ ਜਾਰੀ ਸੰਯੁਕਤ ਰਾਸ਼ਟਰ ਦੇ ਇਕ ਅਧਿਐਨ ਮੁਤਾਬਕ 2020 ਵਿਚ ਲੈਟਿਨ ਅਮਰੀਕਾ ਅਤੇ ਕੈਰੇਬੀਅਨ (ਐੱਲ.ਏ.ਸੀ.) ਵਿਚ ਭੁੱਖਮਰੀ ਨਾਲ ਪੀੜਤ ਲੋਕਾਂ ਦੀ ਗਿਣਤੀ 13.8 ਮਿਲੀਅਨ ਜਾਂ 2 ਫੀਸਦੀ ਵੱਧ ਕੇ 59.7 ਮਿਲੀਅਨ ਲੋਕਾਂ ਤੱਕ ਪਹੁੰਚ ਗਈ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਪ੍ਰਕਾਸ਼ਿਤ "ਖਾਧ ਸੁਰੱਖਿਆ ਅਤੇ ਪੋਸ਼ਣ 2021 ਦਾ ਖੇਤਰੀ ਮੁਲਾਂਕਣ: ਅੰਕੜੇ ਅਤੇ ਰੁਝਾਨ" ਸਿਰਲੇਖ ਵਾਲੀ ਰਿਪੋਰਟ, ਦਰਸਾਉਂਦੀ ਹੈ ਕਿ ਭੁੱਖਮਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਵਿੱਚ 2019 ਤੋਂ 2020 ਤੱਕ 30 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ, ਖੇਤਰੀ ਭੁੱਖਮਰੀ 2000 ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਹੈ। 

ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (FAO) ਦੇ ਖੇਤਰੀ ਪ੍ਰਤੀਨਿਧੀ ਜੂਲੀਓ ਬਰਡੇਗ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਸਪੱਸ਼ਟ ਕਹਿਣਾ ਚਾਹੀਦਾ ਹੈ ਕਿ ਲੈਟਿਨ ਅਮਰੀਕਾ ਅਤੇ ਕੈਰੇਬੀਅਨ ਖਾਧ ਸੁਰੱਖਿਆ ਦੇ ਮਾਮਲੇ ਵਿੱਚ ਇੱਕ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ (ਆਈਐਫਏਡੀ) ਦੇ ਖੇਤਰੀ ਨਿਰਦੇਸ਼ਕ ਰੋਸਾਨਾ ਪੋਲੈਸਟਰੀ ਨੇ ਕਿਹਾ ਕਿ ਜਿੱਥੇ ਮਹਾਮਾਰੀ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ, ਉੱਥੇ 2014 ਤੋਂ ਇਸ ਖੇਤਰ ਵਿੱਚ ਭੁੱਖਮਰੀ ਵੱਧ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਬਰਫ਼ਬਾਰੀ ਕਾਰਨ ਡਿੱਗਿਆ ਪਾਰਾ, ਅਮਰੀਕਾ 'ਚ ਬਣੇ ਹੜ੍ਹ ਦੇ ਹਾਲਾਤ

ਪੋਲੇਸਟ੍ਰੀ ਨੇ ਕਿਹਾ ਕਿ ਸਾਨੂੰ ਆਪਣੀਆਂ ਖਾਧ ਪ੍ਰਣਾਲੀਆਂ ਦੀਆਂ ਕਮਜ਼ੋਰੀਆਂ ਨੂੰ ਠੀਕ ਕਰਨਾ ਚਾਹੀਦਾ ਹੈ, ਉਹਨਾਂ ਨੂੰ ਵਧੇਰੇ ਸਮਾਵੇਸ਼ੀ ਅਤੇ ਟਿਕਾਊ ਬਣਾਉਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਸਾਡੇ ਸਮਾਜਾਂ ਨੂੰ ਭੋਜਨ ਦੇਣ ਵਾਲੇ ਲੋਕਾਂ ਨੂੰ ਤੰਦਰੁਸਤੀ ਪ੍ਰਦਾਨ ਕਰਨ। LAC ਦੀ ਭੁੱਖ ਦੀ ਦਰ ਵਰਤਮਾਨ ਵਿੱਚ 9.1 ਪ੍ਰਤੀਸ਼ਤ ਹੈ, ਜੋ 15 ਸਾਲਾਂ ਵਿੱਚ ਸਭ ਤੋਂ ਵੱਧ ਹੈ।ਹਾਲਾਂਕਿ ਇਹ 9.9 ਪ੍ਰਤੀਸ਼ਤ ਦੀ ਵਿਸ਼ਵ ਔਸਤ ਤੋਂ ਥੋੜ੍ਹੀ ਘੱਟ ਹੈ।ਇਹ ਅਧਿਐਨ FAO, IFAD, ਪੈਨ ਅਮਰੀਕਨ ਹੈਲਥ ਆਰਗੇਨਾਈਜ਼ੇਸ਼ਨ/ਵਰਲਡ ਹੈਲਥ ਆਰਗੇਨਾਈਜ਼ੇਸ਼ਨ, ਵਰਲਡ ਫੂਡ ਪ੍ਰੋਗਰਾਮ ਅਤੇ ਸੰਯੁਕਤ ਰਾਸ਼ਟਰ ਚਿਲਡਰਨ ਫੰਡ ਦਾ ਸਾਂਝਾ ਪ੍ਰਕਾਸ਼ਨ ਹੈ।


author

Vandana

Content Editor

Related News