11ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ਸਵਾਨਜ਼ੀ ਵਿਖੇ 14 ਸਤੰਬਰ ਨੂੰ: ਢੇਸੀ
Wednesday, Sep 10, 2025 - 09:55 PM (IST)

ਲੰਡਨ (ਸਰਬਜੀਤ ਸਿੰਘ ਬਨੂੜ) - ਗੱਤਕਾ ਫੈਡਰੇਸ਼ਨ ਯੂਕੇ ਵੱਲੋਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਸਹਿਯੋਗ ਨਾਲ ਐਤਵਾਰ, 14 ਸਤੰਬਰ 2025 ਨੂੰ ਵੇਲਜ਼ ਦੇ ਸ਼ਹਿਰ ਸਵਾਨਜ਼ੀ ਵਿਖੇ ਬੇਅ ਸਪੋਰਟਸ ਪਾਰਕ ਵਿਖੇ 11ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਵਿੱਚ ਯੂਕੇ ਭਰ ਤੋਂ ਗੱਤਕਾ ਟੀਮਾਂ ਇੰਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ।
ਇਸ ਟੂਰਨਾਮੈਂਟ ਦੀ ਮਹੱਤਤਾ ਬਾਰੇ ਗੱਲਬਾਤ ਕਰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ ਨੇ ਕਿਹਾ ਕਿ ਵਿਰਾਸਤੀ ਕਲਾ ਦੇ ਇਹ ਸਾਲਾਨਾ ਮੁਕਾਬਲੇ ਨੌਜਵਾਨਾਂ ਅੰਦਰ ਸਿਹਤਮੰਦ ਜੀਵਨ ਸ਼ੈਲੀ ਜੀਉਣ, ਸਿੱਖ ਸੱਭਿਆਚਾਰ ਅਤੇ ਜੰਗਜੂ ਕਲਾ ਨੂੰ ਪ੍ਰਫੁੱਲਤ ਕਰਨ ਅਤੇ ਸੰਭਾਲਣ ਦਾ ਇੱਕ ਯਤਨ ਵੀ ਹੈ। ਗੱਤਕਾ ਪ੍ਰੋਮੋਟਰ ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਵੀ ਹਨ, ਨੇ ਕਿਹਾ ਕਿ ਬਰਤਾਨੀਆ ਸਮੇਤ ਵਿਸ਼ਵ ਦੇ ਹੋਰਨਾਂ ਮੁਲਕਾਂ ਵਿੱਚ ਗੱਤਕੇ ਪ੍ਰਤੀ ਵਧ ਰਹੇ ਉਤਸ਼ਾਹ ਅਤੇ ਨੌਜਵਾਨਾਂ ਅੰਦਰ ਗੱਤਕਾ ਖੇਡਣ ਪ੍ਰਤੀ ਵਧਦੀ ਰੁਚੀ ਤੋਂ ਬਹੁਤ ਖੁਸ਼ੀ ਹੁੰਦੀ ਹੈ।
ਪਿਛਲੇ 12 ਸਾਲਾਂ ਤੋਂ ਸਫਲਤਾ ਪੂਰਵਕ ਇਹ ਚੈਂਪੀਅਨਸ਼ਿਪ ਕਰਵਾ ਰਹੇ ਸਲੋਹ ਤੋਂ ਸੰਸਦ ਮੈਂਬਰ ਅਤੇ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਵਿਰਾਸਤੀ ਖੇਡ ਦੇ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਸਿੱਖ ਧਰਮ ਤੇ ਸੱਭਿਆਚਾਰ ਦੇ ਮਾਣਮੱਤੇ ਇਤਿਹਾਸ ਨਾਲ ਜੋੜਨ, ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਅਪਣਾਉਣ ਨੂੰ ਉਤਸ਼ਾਹਿਤ ਕਰਦੇ ਹਨ। ਹਰ ਸਾਲ ਇੰਨਾਂ ਮੁਕਾਬਲਿਆਂ ਮੌਕੇ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਗੱਤਕਾ ਸੋਟੀ ਅਤੇ ਫੱਰੀ-ਸੋਟੀ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਦੇ ਨਾਲ-ਨਾਲ ਗੱਤਕੇਬਾਜ਼ ਜੰਗਜੂ ਤਕਨੀਕਾਂ ਦਾ ਵੀ ਪ੍ਰਦਰਸ਼ਨ ਕਰਨਗੇ। ਇਸ ਸਮਾਗਮ ਲਈ ਸਥਾਨਕ ਸਵਾਨਜ਼ੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਸੰਗਤ ਦਾ ਪੂਰਾ ਸਹਿਯੋਗ ਹੈ। ਜਨਤਾ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹੋਏ, ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਇਹ ਖੇਡ ਸਮਾਗਮ ਸਾਰਿਆਂ ਲਈ ਖੁੱਲ੍ਹਾ ਹੈ ਅਤੇ ਪਰਿਵਾਰ ਇਸ ਸਮਾਗਮ ਵਿੱਚ ਹੁੰਮ-ਹੁੰਮਾ ਕੇ ਹਿੱਸਾ ਲੈਣ। ਇੱਥੇ ਲੰਗਰ ਅਤੇ ਰਿਫਰੈਸ਼ਮੈਂਟ ਦਾ ਪੂਰਾ ਪ੍ਰਬੰਧ ਹੈ।
ਜ਼ਿਕਰਯੋਗ ਹੈ ਕਿ ਗੱਤਕਾ ਭਾਵ (ਸੋਟੀ ਨਾਲ ਲੜਨ ਦੀ ਕਲਾ), ਪੁਰਾਤਨ ਸਿੱਖ ਸ਼ਸਤਰ ਕਲਾ ਦਾ ਇੱਕ ਅਨਿੱਖੜਵਾਂ ਅੰਗ ਹੈ, ਜੋ ਕਿ ਜੰਗਜੂ ਕਰਤੱਵ, ਸਵੈ-ਰੱਖਿਆ, ਸਵੈ-ਨਿਯੰਤਰਣ, ਨਿਰੰਤਰ ਟਿਕਟਕੀ ਲਾਉਣ, ਪੈਰ ਚਾਲ ਦਾ ਤਾਲਮੇਲ, ਤੰਦਰੁਸਤੀ, ਆਤਮ-ਵਿਸ਼ਵਾਸ ਅਤੇ ਅਧਿਆਤਮਿਕਤਾ ਨਾਲ ਜੋੜਦਾ ਸਿਖਾਉਂਦਾ ਹੈ।