ਬੁਰਕੀਨਾ ਫਾਸੋ ''ਚ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ ''ਚ 11 ਫੌਜੀ ਹਲਾਕ

12/26/2019 4:49:45 PM

ਓਗਾਡੋਓਗੁ- ਬੁਰਕੀਨਾ ਫਾਸੋ ਦੇ ਉੱਤਰ-ਕੇਂਦਰ ਵਿਚ ਅਣਪਛਾਤੇ ਹਮਲਾਵਰਾਂ ਦੇ ਇਕ ਸਮੂਹ ਨੇ ਫੌਜ ਦੀ ਇਕ ਟੁਕੜੀ 'ਤੇ ਹਮਲਾ ਕਰ ਦਿੱਤਾ, ਜਿਸ ਵਿਚ 11 ਫੌਜੀਆਂ ਦੀ ਮੌਤ ਹੋ ਗਈ। ਸ਼ਿਨਹੂਆ ਪੱਤਰਕਾਰ ਏਜੰਸੀ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਜਾਂਚ ਏਜੰਸੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਪੰਜ ਹਮਲਾਵਰ ਵੀ ਮਾਰੇ ਗਏ
ਸਥਾਨਕ ਮੀਡੀਆ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਕੁਝ ਫੌਜੀ ਇਸ ਦੌਰਾਨ ਲਾਪਤਾ ਹਨ। ਮੁਕਾਬਲੇ ਵਿਚ ਸੁਰੱਖਿਆ ਬਲਾਂ ਨੇ ਪੰਜ ਹਮਲਾਵਰਾਂ ਨੂੰ ਢੇਰ ਕਰ ਦਿੱਤਾ। ਇਸ ਤੋਂ ਇਕ ਦਿਨ ਪਹਿਲਾਂ ਹੀ ਉੱਤਰੀ ਸੂਬੇ ਸੋਓਮ ਵਿਚ ਦੋ ਵੱਖ-ਵੱਖ ਹਮਲਿਆਂ ਵਿਚ 35 ਨਾਗਰਿਕਾਂ ਦੀ ਮੌਤ ਹੋ ਗਈ ਸੀ ਤੇ 80 ਅੱਤਵਾਦੀ ਮਾਰੇ ਗਏ ਸਨ। ਪੱਛਮੀ ਅਫਰੀਕੀ ਦੇਸ਼ ਦੇ ਉੱਤਰੀ ਖੇਤਰ ਵਿਚ ਸੁਰੱਖਿਆ ਸਥਿਤੀ ਬਹੁਤ ਖਰਾਬ ਹੈ ਤੇ ਇਥੇ ਅੱਤਵਾਦੀ ਹਮਲੇ ਹੁੰਦੇ ਰਹਿੰਦੇ ਹਨ।

5 ਸਾਲਾਂ ਵਿਚ ਹੋਇਆ ਸਭ ਤੋਂ ਵੱਡਾ ਅੱਤਵਾਦੀ ਹਮਲਾ
ਮੀਡੀਆ ਰਿਪੋਰਟਾਂ ਵਿਚ ਇਸ ਨੂੰ ਪੰਜ ਸਾਲਾਂ ਵਿਚ ਹੋਇਆ ਸਭ ਤੋਂ ਵੱਡਾ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਸੀ। ਇਸ ਹਮਲੇ ਨੂੰ ਲੈ ਕੇ ਫੌਜ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਸ ਕਾਇਰਾਨਾ ਹਮਲੇ ਵਿਚ ਸਾਡੇ 8 ਫੌਜੀ ਸ਼ਹੀਦ ਹੋਏ ਹਨ। ਸੁਰੱਖਿਆ ਬਲਾਂ ਦੇ ਸਾਡੇ ਜਵਾਨਾਂ ਨੇ ਅੱਤਵਾਦੀਆਂ ਦਾ ਪੂਰੇ ਸਾਹਸ ਦੇ ਨਾਲ ਸਾਹਮਣਾ ਕੀਤਾ ਹੈ। ਅਸੀਂ ਆਪਣੇ ਨਾਗਰਿਕਾਂ ਤੇ ਜਵਾਨਾਂ ਦੇ ਲਈ ਭਰੇ ਦਿਲੋਂ ਸੰਵੇਦਨਾ ਵਿਅਕਤ ਕਰਦੇ ਹਾਂ। ਦੇਸ਼ ਦੇ ਰਾਸ਼ਟਰਪਤੀ ਨੇ ਇਸ ਅੱਤਵਾਦੀ ਹਮਲੇ ਤੋਂ ਬਾਅਦ 2 ਦਿਨਾਂ ਦਾ ਸੋਗ ਐਲਾਨ ਕੀਤਾ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। 


Baljit Singh

Content Editor

Related News