ਵੇਲਜ਼ ਦੇ ਕੋਰੋਨਾ ਅੰਕੜਿਆਂ ''ਚੋਂ 11 ਹਜ਼ਾਰ ਟੈਸਟਾਂ ਦੀ ਜਾਣਕਾਰੀ ਹੋਈ ਲਾਪਤਾ
Thursday, Dec 17, 2020 - 04:40 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਅਤੇ ਯੋਜਨਾਵਾਂ ਬਣਾਉਣ ਲਈ ਇਸ ਦੇ ਅੰਕੜੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸੇ ਸੰਬੰਧ ਵਿਚ ਕੋਰੋਨਾ ਸੰਬੰਧੀ ਵੇਲਜ਼ ਦੇ ਸਰਕਾਰੀ ਅੰਕੜਿਆਂ ਵਿੱਚੋਂ ਤਕਰੀਬਨ 11,000 ਵਾਧੂ ਪਾਜ਼ੀਟਿਵ ਕੋਵਿਡ ਟੈਸਟ ਗੁੰਮ ਹੋ ਗਏ ਹਨ, ਜਿਸ ਦੇ ਕਾਰਨ ਇਸ ਖਿੱਤੇ ਦੇ ਕੋਰੋਨਾ ਮਾਮਲੇ ਪਿਛਲੇ ਹਫ਼ਤੇ ਨਾਲੋਂ ਦੁੱਗਣੇ ਹੋ ਸਕਦੇ ਹਨ।
ਵੇਲਜ਼ ਦੇ ਪਬਲਿਕ ਹੈਲਥ ਵਿਭਾਗ (ਪੀ. ਐੱਚ. ਡਬਲਯੂ.) ਅਨੁਸਾਰ ਇਹ ਸਮੱਸਿਆ ਆਈ. ਟੀ. ਪ੍ਰਣਾਲੀਆਂ ਦੀ ਯੋਜਨਾਬੱਧ ਰੱਖ-ਰਖਾਅ ਕਾਰਨ ਹੋਈ ਹੈ ਜੋ ਕਿ ਲੈਬਜ਼ ਵਿਚ ਹੁੰਦੇ ਟੈਸਟਾਂ ਨਾਲ ਸਬੰਧਤ ਹੈ।
ਇਹ 11,000 ਵਾਧੂ ਪਾਜ਼ੀਟਿਵ ਟੈਸਟ 9 ਤੋਂ 15 ਦਸੰਬਰ ਦੇ ਵਿਚਕਾਰ ਲਏ ਗਏ ਸਨ ਅਤੇ ਇਸ ਵੇਲੇ, ਉਸ ਹਫ਼ਤੇ ਦੇ ਰਿਕਾਰਡ ਕੀਤੇ ਅੰਕੜੇ 11,911 ਹਨ। ਇਸ ਲਈ ਗੁੰਮ ਹੋਏ ਵਾਧੂ 11,000 ਮਾਮਲਿਆਂ ਦੀ ਜਾਣਕਾਰੀ ਨਾ ਹੋਣ ਦਾ ਅਰਥ ਇਹ ਕਿ ਵਾਇਰਸ ਦੇ ਤਾਜ਼ਾ ਮਾਮਲੇ ਦਰਜ ਹੋਏ ਮਾਮਲਿਆਂ ਨਾਲੋਂ ਦੁੱਗਣੇ ਹਨ। ਇਸ ਤੋਂ ਇਲਾਵਾ ਵੇਲਜ਼ ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ 103,098 ਲੋਕਾਂ ਦੇ ਪਾਜ਼ੀਟਿਵ ਟੈਸਟ ਹੋਏ ਹਨ, ਜਿਨ੍ਹਾਂ ਵਿਚ ਵੀਰਵਾਰ ਨੂੰ ਸਾਹਮਣੇ ਆਉਣ ਵਾਲੇ ਅੰਕੜਿਆਂ ਵਿਚ ਵੀ ਇਹ 11000 ਮਾਮਲੇ 10 ਫ਼ੀਸਦੀ ਤੋਂ ਵੱਧ ਦਾ ਵਾਧਾ ਕਰਨਗੇ। ਵੇਲਜ਼ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਨਾਲ 30 ਹੋਰ ਲੋਕਾਂ ਦੀ ਮੌਤ ਦੇ ਨਾਲ 530 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।