ਸੀਰੀਆ ''ਚ ਹੋਏ ਹਮਲਿਆਂ ਦੌਰਾਨ 20 ਅੱਤਵਾਦੀਆਂ ਦੇ ਨਾਲ ਆਮ ਲੋਕਾਂ ਦੀ ਵੀ ਗਈ ਜਾਨ ! ਜਾਰਡਨ ਨੇ ਕੀਤੀ ਪੁਸ਼ਟੀ
Wednesday, Oct 28, 2026 - 04:54 PM (IST)
ਇੰਟਰਨੈਸ਼ਨਲ ਡੈਸਕ- ਜਾਰਡਨ ਨੇ ਮੰਗਲਵਾਰ ਨੂੰ ਕਿਹਾ ਕਿ ਸੀਰੀਆ ਵਿਚ ਉਸ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਦੇ ਲੱਗਭਗ 20 ਅੱਤਵਾਦੀ ਮਾਰੇ ਗਏ ਹਨ। ਹਾਲਾਂਕਿ ਉਸ ਨੇ ਇਹ ਵੀ ਮੰਨਿਆ ਕਿ ਇਨ੍ਹਾਂ ਹਮਲਿਆਂ ਵਿਚ ਆਮ ਨਾਗਰਿਕਾਂ ਦੀ ਵੀ ਮੌਤ ਹੋਈ ਹੈ।
ਜਾਰਡਨ ਦੀ ਹਵਾਈ ਫੌਜ ਨੇ ਸੋਮਵਾਰ ਸ਼ਾਮ ਨੂੰ ਸੀਰੀਆ ਵਿਚ ਹਵਾਈ ਹਮਲੇ ਕੀਤੇ। ਇਹ ਹਮਲੇ ਜਾਰਡਨ ਦੇ ਦੱਖਣੀ ਸ਼ਹਿਰ ਕਰਾਕ ’ਚ ਇਕ ਗ੍ਰੀਕ ਆਰਥੋਡਾਕਸ ਚਰਚ ਵਿਚ ਅੰਤਿਮ ਸੰਸਕਾਰ ਦੌਰਾਨ ਪਿਛਲੇ ਹਫ਼ਤੇ ਹੋਏ ਹਮਲੇ ਦੇ ਜਵਾਬ ਵਿਚ ਕੀਤੇ ਗਏ ਸਨ। ਉਸ ਹਮਲੇ ਵਿਚ 9 ਲੋਕਾਂ ਦੀ ਮੌਤ ਹੋ ਗਈ ਸੀ।
ਜਾਰਡਨ ਨੇ ਸੋਮਵਾਰ ਨੂੰ ਹੀ ਐਲਾਨ ਕੀਤਾ ਸੀ ਕਿ ਉਸ ਨੇ ਇਸ ਹਮਲੇ ਵਿਚ ਸ਼ਾਮਲ 3 ਬੰਦੂਕਧਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਉਨ੍ਹਾਂ ਦੇ ਕਿਸੇ ਸੰਗਠਨ ਨਾਲ ਸਬੰਧਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਜਾਰਡਨ ਸਰਕਾਰ ਦੇ ਬੁਲਾਰੇ ਮੁਹੰਮਦ ਅਲ-ਮੋਮਾਨੀ ਵੱਲੋਂ ਮੌਤਾਂ ਦੀ ਦੱਸੀ ਗਈ ਗਿਣਤੀ ਸੀਰੀਆ ਵਿਚ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਕਰਮਚਾਰੀਆਂ ਦੇ ਅੰਕੜਿਆਂ ਤੋਂ ਵੱਖਰੀ ਹੈ।
ਸੀਰੀਆ ਦੀ ਸਿਵਲ ਡਿਫੈਂਸ ਏਜੰਸੀ ਨੇ ਕਿਹਾ ਕਿ ਉਸ ਨੂੰ ਦੱਖਣੀ ਦਾਰਾ ਤੇ ਸੁਵੈਦਾ ਸੂਬਿਆਂ ਵਿਚ ਜਾਰਡਨ ਦੇ ਹਵਾਈ ਹਮਲਿਆਂ ਦੌਰਾਨ ਮਾਰੇ ਗਏ 7 ਆਮ ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿਚ ਇਕੋ ਪਰਿਵਾਰ ਦੇ 5 ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿਚ 3 ਬੱਚੇ ਤੇ ਇਕ ਔਰਤ ਵੀ ਸੀ।
