ਕੋਰੋਨਾ ਇਲਾਜ ਤੋਂ ਬਾਅਦ 10,000 ਤੋਂ ਵੱਧ ਸਕਾਟਿਸ਼ ਲੋਕਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ

01/23/2021 3:54:24 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਪਿਛਲੇ ਸਾਲ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਮਰੀ ਨੇ ਵਿਸ਼ਵ ਭਰ ਵਿਚ ਹਾਹਾਕਾਰ ਮਚਾਈ ਹੋਈ ਹੈ। ਇਸ ਮਾਰੂ ਵਾਇਰਸ ਨੇ ਜਿੱਥੇ ਲੱਖਾਂ ਲੋਕਾਂ ਦੀ ਜਾਨ ਲਈ ਹੈ, ਉੱਥੇ ਹਜ਼ਾਰਾਂ ਹੀ ਲੋਕ ਇਸ ਦਾ ਇਲਾਜ ਕਰਾਉਣ ਉਪਰੰਤ ਠੀਕ ਵੀ ਹੋਏ ਹਨ। ਸਕਾਟਲੈਂਡ ਵਿਚ ਵੀ ਬਹੁਗਿਣਤੀ ਲੋਕਾਂ ਨੇ ਵਾਇਰਸ ਕਾਰਨ ਆਪਣੀ ਜਾਨ ਗੁਆਈ ਹੈ ਅਤੇ ਹਜ਼ਾਰਾਂ ਹੀ ਵਾਇਰਸ ਪੀੜਤ ਮਰੀਜ਼ ਹਸਪਤਾਲਾਂ 'ਚ ਇਲਾਜ ਕਰਵਾ ਕੇ ਸੁਰੱਖਿਅਤ ਆਪਣੇ ਘਰ ਵੀ ਪਰਤੇ ਹਨ। 

ਕੋਰੋਨਾ ਵਾਇਰਸ ਦੇ ਇਲਾਜ ਸੰਬੰਧੀ ਸਾਹਮਣੇ ਆਏ ਅੰਕੜਿਆਂ ਅਨੁਸਾਰ 19 ਜਨਵਰੀ, 2021 ਤੱਕ ਤਕਰੀਬਨ 10,441 ਮਰੀਜ਼ਾਂ ਨੂੰ ਕੋਵਿਡ-19 ਦੇ ਇਲਾਜ ਤੋਂ ਬਾਅਦ ਸਕਾਟਿਸ਼ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਇਹ ਅੰਕੜੇ ਸਕਾਟਲੈਂਡ ਵਿਚ ਵਾਇਰਸ ਦੀ ਦੂਜੀ ਲਹਿਰ ਦੌਰਾਨ ਮਹਾਮਾਰੀ ਦੀ ਤੇਜ਼ ਗਤੀ ਨੂੰ ਦਰਸਾਉਂਦੇ ਹਨ।

ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਲੈ ਕੇ 20 ਅਕਤੂਬਰ ਤੱਕ ਸੱਤ ਮਹੀਨਿਆਂ ਦੇ ਵਕਫੇ ਵਿਚ ਕੁੱਲ 5,003 ਸਕਾਟਿਸ਼ ਵਾਸੀ ਹਸਪਤਾਲਾਂ ਤੋਂ ਛੁੱਟੀ ਲੈ ਕੇ ਗਏ ਸਨ ਜਦਕਿ ਇਹ ਗਿਣਤੀ ਥੋੜ੍ਹੇ ਸਮੇਂ ਵਿਚ 15 ਜਨਵਰੀ ਤੱਕ ਹੀ ਇਸ ਤੋਂ ਲਗਭਗ ਦੁੱਗਣੀ ਵੱਧ ਕੇ 10,000 ਤੱਕ ਪਹੁੰਚ ਗਈ ਹੈ। ਮਾਹਰਾਂ ਅਨੁਸਾਰ ਕੋਵਿਡ-19 ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਕੀਤੇ ਗਏ ਲੋਕਾਂ ਦੀ ਗਿਣਤੀ ਨਿਯਮਿਤ ਤੌਰ 'ਤੇ ਪ੍ਰਕਾਸ਼ਤ ਨਹੀਂ ਕੀਤੀ ਜਾਂਦੀ ਪਰ ਇਨ੍ਹਾਂ ਅੰਕੜਿਆਂ ਨੂੰ "ਫਰੀਡਮ ਆਫ਼ ਇਨਫਰਮੇਸ਼ਨ" ਦੀ ਬੇਨਤੀ ਤੋਂ ਬਾਅਦ ਜਨਤਕ ਕੀਤਾ ਗਿਆ ਹੈ। 

ਹਸਪਤਾਲਾਂ ਵਿਚੋਂ ਠੀਕ ਹੋਣ ਦੇ ਬਾਅਦ ਛੁੱਟੀ ਲੈਣ ਵਾਲੇ ਮਰੀਜ਼ਾਂ ਦੇ ਇਲਾਵਾ ਇਸ ਸਮੇਂ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਹਸਪਤਾਲਾਂ ਵਿਚ ਗਿਣਤੀ ਰਿਕਾਰਡ ਪੱਧਰ 'ਤੇ ਹੈ। ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ 21 ਜਨਵਰੀ ਤੱਕ ਤਕਰੀਬਨ 2,004 ਕੋਰੋਨਾ ਮਰੀਜ਼ਾਂ ਦਾ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ ਹੈ।
 


Lalita Mam

Content Editor

Related News