ਜਰਮਨੀ: ਮਿਲਾਵਟੀ ਸ਼ੈਂਪੇਨ ਪੀਣ ਨਾਲ 1 ਵਿਅਕਤੀ ਦੀ ਮੌਤ, 8 ਦੀ ਹਾਲਤ ਗੰਭੀਰ
Monday, Feb 14, 2022 - 03:31 PM (IST)
ਬਰਲਿਨ (ਭਾਸ਼ਾ)- ਜਰਮਨੀ ਦੇ ਬਾਵਰੀਆ ਸੂਬੇ ਵਿਚ ਇਕ ਬਾਰ ਵਿਚ ਕਥਿਤ ਤੌਰ ’ਤੇ ਮਿਲਾਵਟੀ ਸ਼ੈਂਪੇਨ ਪੀਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 8 ਹੋਰਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਰਮਨ ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਜਰਮਨ ਨਿਊਜ਼ ਏਜੰਸੀ ਡੀ.ਪੀ.ਏ. ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਪੁਲਸ ਅਨੁਸਾਰ ਮਰਨ ਵਾਲੇ ਵਿਅਕਤੀ ਦੀ ਉਮਰ 52 ਸਾਲ ਹੈ, ਜਦਕਿ ਬਾਕੀਆਂ ਦੀ ਉਮਰ 33 ਤੋਂ 52 ਸਾਲ ਦੇ ਵਿਚਕਾਰ ਹੈ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਬਾਰ ਵਿਚ ਉਹ ਲੋਕ ਕੀ ਖਾ ਰਹੇ ਸਨ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਕ ਬੋਤਲ ਮੰਗਵਾਈ ਸੀ ਅਤੇ ਇਸ ਨੂੰ ਸਾਂਝਾ ਕੀਤਾ ਸੀ।
ਉਥੇ ਹੀ ਸਥਾਨਕ ਮੀਡੀਆ ਦੀ ਖ਼ਬਰ ਮੁਤਾਬਕ ਉਹ ਸਾਰੇ ਸ਼ੈਂਪੇਨ ਦੀ ਬੋਤਲ ਸਾਂਝੀ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਬਾਰ ਪਹੁੰਚੀ ਅਤੇ ਉਸ ਨੇ 8 ਲੋਕਾਂ ਨੂੰ ਫਰਸ਼ 'ਤੇ ਗੰਭੀਰ ਹਾਲਤ 'ਚ ਪਏ ਦੇਖਿਆ ਅਤੇ ਹਸਪਤਾਲ 'ਚ ਦਾਖ਼ਲ ਕਰਵਾਇਆ। ਇਹ ਘਟਨਾ ਬਾਵਰੀਆ ਸੂਬੇ ਦੇ ਵੇਡੇਨ ਸ਼ਹਿਰ 'ਚ ਸ਼ਨੀਵਾਰ ਰਾਤ ਨੂੰ ਵਾਪਰੀ।