ਇੰਡੋਨੇਸ਼ੀਆ ''ਚ ਭੂਚਾਲ ਤੇ ਸੁਨਾਮੀ ਮਗਰੋਂ ਲਾਸ਼ਾਂ ਨੂੰ ਦਫਨਾਉਣ ਲਈ ਸਮੂਹਕ ਕਬਰਾਂ ਦੀ ਖੋਦਾਈ

10/01/2018 12:41:22 PM

ਪਾਲੂ (ਭਾਸ਼ਾ)— ਭੂਚਾਲ ਅਤੇ ਸੁਨਾਮੀ ਨਾਲ ਤਬਾਹ ਹੋਏ ਸੁਲਾਵੇਸੀ ਵਿਚ ਸਵੈ-ਸੇਵਕਾਂ ਨੇ ਸੋਮਵਾਰ ਨੂੰ ਇਕ ਹਜ਼ਾਰ ਤੋਂ ਵਧ ਲਾਸ਼ਾਂ ਲਈ ਸਮੂਹਕ ਕਬਰਾਂ ਦੀ ਖੋਦਾਈ ਕੀਤੀ। ਇੱਥੇ ਦੱਸ ਦੇਈਏ ਕਿ 28 ਸਤੰਬਰ ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਵਿਚ 7.5 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਤਬਾਹੀ ਮਚ ਗਈ। ਆਫਤ ਕਾਰਨ ਮਚੀ ਤਬਾਹੀ ਨਾਲ ਨਜਿੱਠ ਰਹੇ ਅਧਿਕਾਰੀਆਂ ਨੇ ਕੌਮਾਂਤਰੀ ਸਹਿਯੋਗ ਮੰਗਿਆ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਭੂਚਾਲ ਅਤੇ ਸੁਨਾਮੀ ਨਾਲ ਮਰਨ ਵਾਲਿਆਂ ਦੀ ਗਿਣਤੀ 832 ਹੈ। ਆਫਤ ਦੇ 4 ਦਿਨ ਬਾਅਦ ਵੀ ਦੂਰ-ਦੁਰਾਡੇ ਦੇ ਕਈ ਇਲਾਕਿਆਂ ਵਿਚ ਸੰਪਰਕ ਨਹੀਂ ਹੋ ਸਕਿਆ ਹੈ। ਦਵਾਈਆਂ ਖਤਮ ਹੋ ਰਹੀਆਂ ਹਨ ਅਤੇ ਬਚਾਅਕਰਤਾ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਹੇਠੋਂ ਦੱਬੇ ਪੀੜਤਾਂ ਨੂੰ ਕੱਢਣ ਲਈ ਜ਼ਰੂਰੀ ਭਾਰੀ ਯੰਤਰਾਂ ਦੀ ਕਮੀ ਨਾਲ ਜੂਝ ਰਹੇ ਹਨ।

PunjabKesari
ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕਈ ਦਰਜਨ ਕੌਮਾਂਤਰੀ ਸਹਾਇਤਾ ਏਜੰਸੀਆਂ ਅਤੇ ਗੈਰ-ਕਾਨੂੰਨੀ ਸੰਗਠਨਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸੀਨੀਅਰ ਅਧਿਕਾਰੀ ਟੌਮ ਲੇਮਬੋਂਗ ਨੇ ਟਵਿੱਟਰ 'ਤੇ ਬਚਾਅਕਰਤਾਵਾਂ ਨੂੰ ਕਿਹਾ ਕਿ ਉਹ ਉਨ੍ਹਾਂ ਨਾਲ ਸਿੱਧੇ ਸੰਪਰਕ ਕਰਨ। ਉਨ੍ਹਾਂ ਨੇ ਲਿਖਿਆ ਹੈ, ''ਕੱਲ ਰਾਤ ਰਾਸ਼ਟਰਪਤੀ ਜੋਕੋ ਨੇ ਕੌਮਾਂਤਰੀ ਮਦਦ ਸਵੀਕਾਰ ਕਰਨ ਲਈ ਸਾਨੂੰ ਅਧਿਕਾਰ ਦਿੱਤਾ ਹੈ, ਤਾਂਕਿ ਆਫਤ ਪ੍ਰਕਿਰਿਆ ਅਤੇ ਰਾਹਤ ਤੁਰੰਤ ਪ੍ਰਾਪਤ ਹੋ ਸਕੇ।''

PunjabKesari

ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮ੍ਰਿਤਕਾਂ ਦਾ ਅੰਕੜਾ ਵਧ ਸਕਦਾ ਹੈ। ਪਾਲੂ ਦੇ ਪਹਾੜੀ ਇਲਾਕੇ ਪੋਬੋਯਾ ਵਿਚ ਸਵੈ-ਸੇਵਕਾਂ ਨੇ ਮ੍ਰਿਤਕਾਂ ਨੂੰ ਦਫਨਾਉਣ ਲਈ 100 ਮੀਟਰ ਲੰਬੀ ਕਬਰ ਦੀ ਖੋਦਾਈ ਕੀਤੀ ਹੈ। ਕੁਦਰਤੀ ਆਫਤ ਤੋਂ ਬਾਅਦ ਖਰਾਬ ਹੁੰਦੀਆਂ ਲਾਸ਼ਾਂ ਕਾਰਨ ਬੀਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਅਧਿਕਾਰੀ ਸੰਘਰਸ਼ ਕਰ ਰਹੇ ਹਨ। ਇਸ ਦੇ ਨਾਲ ਹੀ 14 ਦਿਨਾ ਦੀ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।


Related News