ਮਰੀਅਮ ਨੇ ਲਾਏ ਇਮਰਾਨ ''ਤੇ ਗੰਭੀਰ ਇਲਜ਼ਾਮ, ਕਿਹਾ- ''ਅੱਤਵਾਦੀ ਸਿਖਲਾਈ ਕੇਂਦਰ'' ਵਜੋਂ ਵਰਤੀ ਰਿਹਾਇਸ਼
Tuesday, Jul 23, 2024 - 10:19 PM (IST)

ਲਾਹੌਰ : ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਇਸ਼ ਨੂੰ 'ਅੱਤਵਾਦੀਆਂ ਦੇ ਸਿਖਲਾਈ ਕੇਂਦਰ' ਵਜੋਂ ਵਰਤਿਆ ਗਿਆ ਸੀ, ਜਿੱਥੇ ਪੈਟਰੋਲ ਬੰਬ ਬਣਾਏ ਗਏ ਸਨ ਅਤੇ ਸੂਬੇ ਵਿਚ ਹਮਲੇ ਦੀ ਯੋਜਨਾ ਬਣਾਈ ਗਈ ਸੀ।
ਮਰੀਅਮ ਨੇ ਦਾਅਵਾ ਕੀਤਾ ਕਿ ਉਸ ਚਾਰ ਮਹੀਨਿਆਂ ਦੇ ਅਰਸੇ ਦੌਰਾਨ, ਖਾਨ ਨੇ 9 ਮਈ, 2023 ਨੂੰ ਸਰਕਾਰੀ ਇਮਾਰਤਾਂ ਅਤੇ ਮੁੱਖ ਫੌਜੀ ਅਦਾਰਿਆਂ 'ਤੇ ਹਮਲੇ ਦੀ ਯੋਜਨਾ ਬਣਾਈ ਸੀ, ਜਦੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੇਤਾ ਦੀ ਲੱਤ 'ਤੇ ਸੱਟ ਲੱਗੀ ਸੀ। ਦਿ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਦੀ ਰਿਪੋਰਟ ਅਨੁਸਾਰ, ਇੱਕ ਬਿਆਨ ਵਿੱਚ ਮਰੀਅਮ ਨੇ ਖਾਨ ਦੀ ਪਾਰਟੀ ਦੀ ਨਿੰਦਾ ਕੀਤੀ, ਦੋਸ਼ ਲਾਇਆ ਕਿ ਇਹ ਸਮੂਹ ਅਰਾਜਕਤਾ ਪੈਦਾ ਕਰਨ ਅਤੇ ਰਾਜ ਨੂੰ ਨੁਕਸਾਨ ਪਹੁੰਚਾਉਣ 'ਤੇ ਕੇਂਦਰਿਤ ਹੈ।
ਰਿਪੋਰਟਾਂ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸੁਪਰੀਮੋ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨੇ ਦੋਸ਼ ਲਾਇਆ ਹੈ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਖਾਨ ਦੀ ਲਾਹੌਰ ਸਥਿਤ ਰਿਹਾਇਸ਼ 'ਅੱਤਵਾਦੀਆਂ ਲਈ ਸਿਖਲਾਈ ਕੇਂਦਰ' ਬਣ ਗਈ ਹੈ। ਪਿਛਲੇ ਸਾਲ 9 ਮਈ ਨੂੰ 190 ਮਿਲੀਅਨ ਪੌਂਡ ਦੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਖਾਨ ਨੂੰ ਨੈਸ਼ਨਲ ਜਵਾਬਦੇਹੀ ਬਿਊਰੋ (ਐੱਨਏਬੀ) ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੇਸ਼ ਭਰ ਵਿੱਚ ਵਿਆਪਕ ਹਿੰਸਾ ਭੜਕ ਗਈ ਸੀ। 9 ਮਈ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ, ਪੀਟੀਆਈ ਵਰਕਰਾਂ ਅਤੇ ਸਮਰਥਕਾਂ ਨੇ ਫੌਜੀ ਹੈੱਡਕੁਆਰਟਰ ਅਤੇ ਸਮਾਰਕਾਂ ਸਮੇਤ ਫੌਜੀ ਸਥਾਪਨਾਵਾਂ 'ਤੇ ਹਮਲਾ ਕੀਤਾ ਅਤੇ ਭੰਨ-ਤੋੜ ਕੀਤੀ।