ਸੇਂਟ ਸੋਲਜਰ ਗਰੁੱਪ ਨੇ ਕਰਵਾਇਆ 8ਵਾਂ ‘ਮੈਗਾ ਜਾਬ ਫੇਅਰ-2018’
Wednesday, Oct 31, 2018 - 02:07 PM (IST)

ਹੁਸ਼ਿਆਰਪੁਰ (ਜਸਵਿੰਦਰਜੀਤ)— ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਕਰਵਾਇਆ ਗਿਆ 8ਵਾਂ ‘ਮੈਗਾ ਜਾਬ ਫੇਅਰ-2018’ ਸਫਲਤਾਪੂਰਵਕ ਸਮਾਪਤ ਹੋ ਗਿਆ, ਜਿਸ ’ਚ ਪੂਰੇ ਉੱਤਰੀ ਭਾਰਤ ਦੀਆਂ 23 ਕੰਪਨੀਆਂ ਨੇ ਸ਼ਿਰਕਤ ਕੀਤੀ ਅਤੇ 2300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਉਹ ਮਹੱਤਵਪੂਰਨ ਸਮਾਂ ਸੀ ਜਦੋਂ ਟੈਕ ਮਹਿੰਦਰਾ, ਵੀਡੀਓਕਾਨ, ਟਾਟਾ ਬੀ.ਐੱਸ.ਐੱਸ., ਟਾਪ ਸਰਵੇਇੰਗ, ਜਿੰਦਲ ਇਲੈਕਟ੍ਰੀਕਲਜ਼, ਐਕਸਿਸ ਬੈਂਕ, ਗੋਟੇਸੋ, ਕੋਕਾ ਕੋਲਾ, ਡੀ.ਐੱਚ.ਐੱਲ.ਐੱਫ., ਜਿਓਜੀਤ ਇੰਫੇਸੀਅਲ ਸਰਵਿਸ, ਡਿਜੀਟਲ ਇੰਡੀਆ ਪ੍ਰਾਈਵੇਟ ਲਿਮਟਿਡ, ਬੀਲੈਂਟੋ ਡਬਲਯੂ.ਐੱਮ., ਏਲੀਸਨ ਕਾਰਪੋਰੇਸ਼ਨ, ਡਿਜ਼ਾਈਨ ਸੂਟ, ਜੇਮਜ ਇਨਫਿਨੁਸ ਪ੍ਰਾਈਵੇਟ ਲਿਮਟਿਡ, ਇਮੇਜ ਕੰਸਲਟਿੰਗ ਗਰੁੱਪ, ਕਲੱਬ ਜੇ.ਬੀ., ਅਜੈ ਇੰਡਸਟਰੀਜ਼, ਇਮਪਿੰਗ ਸਲਿਊਸ਼ਨ ਲਿਮਟਿਡ ਅਤੇ ਵਾਕਵੈਂਲ ਟੈਕਨਾਲੋਜੀ ਆਦਿ ਕੰਪਨੀਆਂ ਇਕ ਹੀ ਥਾਂ ’ਤੇ ਆਈਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਸੰਦ ਦਾ ਪ੍ਰੋਫੈਸ਼ਨ ਚੁਣਨ ਦਾ ਮੌਕਾ ਦਿੱਤਾ। ਇਸ ਦੌਰਾਨ 230 ਵਿਦਿਆਰਥੀਆਂ ਦੀ ਸਾਲਾਨਾ 1.8 ਲੱਖ ਤੋਂ ਲੈ ਕੇ 3.5 ਲੱਖ ਰੁਪਏ ਦੀ ਤਨਖ਼ਾਹ ਪੈਕੇਜ ’ਤੇ ਚੋਣ ਕੀਤੀ ਗਈ। ਚੁਣੇ ਗਏ ਵਿਦਿਆਰਥੀਆਂ ਲਈ ਖਾਸ ਗੱਲ ਰਹੀ ਕਿ ਉਹ ਆਪਣੀ ਪਡ਼੍ਹਾਈ ਪੂਰੀ ਕਰਨ ਤੋਂ ਬਾਅਦ ਵੀ ਨੌਕਰੀ ਜੁਆਇਨ ਕਰ ਸਕਦੇ ਹਨ। ਗਰੁੱਪ ਦੇ ਚੇਅਰਮੈਨ ਅਨਿਲ ਚੋਪਡ਼ਾ ਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਡ਼ਾ ਤੇ ਪ੍ਰੋ. ਚੇਅਰਮੈਨ ਪ੍ਰਿੰਸ ਚੋਪਡ਼ਾ ਨੇ ਕੰਪਨੀਆਂ ਦੇ ਨੁਮਾਇੰਦਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਗਰੁੱਪ ਵੱਲੋਂ ਪਹਿਲਾਂ ਵੀ 7 ਮੈਗਾ ਜਾਬ ਫੇਅਰ ਸਫਲਤਾਪੂਰਵਕ ਲਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਕੰਪਨੀਆਂ ਦਾ ਵਾਰ-ਵਾਰ ਇਨ੍ਹਾਂ ਜਾਬ ਮੇਲਿਆਂ ’ਚ ਸ਼ਿਰਕਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਖੇਤਰ ’ਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਅਤੇ ਇਸ ਪ੍ਰਤਿਭਾ ਦੀ ਮਦਦ ਕਰਨ ਨੂੰ ਆਪਣਾ ਸਮਾਜਕ ਫਰਜ਼ ਸਮਝਦੇ ਹੋਏ ਸੇਂਟ ਸੋਲਜਰ ਗਰੁੱਪ ਭਵਿੱਖ ’ਚ ਵੀ ਪੰਜਾਬ ਸਮੇਤ ਗੁਆਂਢੀ ਸੂਬਿਆਂ ’ਚ ਅਜਿਹੀਆਂ ਗਤੀਵਿਧੀਆਂ ਕਰਵਾਉਂਦਾ ਰਹੇਗਾ। ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਡ਼ਾ ਨੇ ਚੁਣੇ ਗਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪਡ਼ਾ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਦੀ ਇਸ ਮੌਕੇ ਚੋਣ ਨਹੀਂ ਹੋਈ, ਉਨ੍ਹਾਂ ਨੂੰ ਭਰਤੀ ਪ੍ਰਕਿਰਿਆ ’ਚੋਂ ਲੰਘਣ ਨਾਲ ਆਪਣੀ ਘਾਟਾਂ ਦਾ ਅਹਿਸਾਸ ਹੋਇਆ ਹੋਵੇਗਾ ਅਤੇ ਉਨ੍ਹਾਂ ਨੂੰ ਇਨ੍ਹਾਂ ’ਚ ਸੁਧਾਰ ਕਰਨ ਦਾ ਮੌਕਾ ਮਿਲੇਗਾ। ਮੈਨੇਜਿੰਗ ਡਾਇਰੈਕਟਰ ਮਨਹਰ ਅਰੋਡ਼ਾ ਨੇ ਸਾਰੇ ਕੰਪਨੀਆਂ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਐੱਸ. ਪੀ. ਐੱਸ. ਮਟਿਆਣਾ, ਡਾ. ਗੁਰਪ੍ਰੀਤ ਸਿੰਘ, ਟਰੇਨਿੰਗ ਤੇ ਪਲੇਸਮੈਂਟ ਅਫਸਰ ਦੀਪਕ ਸ਼ਰਮਾ, ਡਾਇਰੈਕਟਰ ਐਡਮਿਸ਼ਨ ਐਂਡ ਕਰੀਅਰ ਕਾਊਂਸਲਿੰਗ ਹਰਅਵਤਾਰ ਸਿੰਘ, ਅਜੈ ਕਪੂਰ ਅਤੇ ਗੁਰਿੰਦਰ ਕੁਮਾਰ ਵੀ ਮੌਜ਼ੂਦ ਸਨ।