6 ਦੇਸੀ ਤੇ ਘਰੇਲੂ ਨੁਸਖ਼ੇ, ਜੋ ਸਾਨੂੰ ਖ਼ਤਰਨਾਕ ਬੀਮਾਰੀਆਂ ਤੋਂ ਬਚਾ ਕੇ ਰੱਖਣਗੇ ਸਿਹਤਮੰਦ

10/01/2023 12:02:00 PM

ਜਲੰਧਰ (ਬਿਊਰੋ)– ਕਈ ਵਾਰ ਸਾਨੂੰ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ ਪਰ ਅਸੀਂ ਡਾਕਟਰ ਕੋਲ ਜਾ ਕੇ ਇਹ ਨਹੀਂ ਸੋਚਦੇ ਕਿ ਇਹ ਆਪਣੇ ਆਪ ਠੀਕ ਹੋ ਜਾਵੇਗੀ ਜਾਂ ਕਈ ਵਾਰ ਸਿਰ ਦਰਦ ਹੋਣ ’ਤੇ ਅਸੀਂ ਆਪਣੇ ਆਪ ਹੀ ਦਵਾਈ ਲੈ ਲੈਂਦੇ ਹਾਂ ਪਰ ਕੀ ਅਜਿਹਾ ਕਰਨਾ ਸਹੀ ਹੈ। ਕਈ ਵਾਰ ਅਸੀਂ ਦੂਜੀਆਂ ਗੱਲਾਂ ਨੂੰ ਮਹੱਤਵ ਦੇ ਕੇ ਆਪਣੀ ਸਿਹਤ ਨਾਲ ਸਮਝੌਤਾ ਕਰ ਲੈਂਦੇ ਹਾਂ, ਜਦਕਿ ਅਜਿਹਾ ਕਰਨਾ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ।

ਆਓ ਅੱਜ ਤੁਹਾਨੂੰ ਦੱਸਦੇ ਹਾਂ ਸਿਹਤਮੰਦ ਜ਼ਿੰਦਗੀ ਜਿਊਣ ਲਈ ਕੁਝ ਸਮਾਰਟ ਤੇ ਆਸਾਨ ਘਰੇਲੂ ਨੁਸਖ਼ੇ, ਜਿਨ੍ਹਾਂ ਨੂੰ ਤੁਸੀਂ ਖ਼ੁਦ ਅਜ਼ਮਾ ਸਕਦੇ ਹੋ–

1. ਦਾਲ ’ਚ ਸਬਜ਼ੀਆਂ ਪਾਓ
ਵਿਟਾਮਿਨ, ਖਣਿਜ ਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਸਬਜ਼ੀਆਂ ਦੀ ਮਹੱਤਤਾ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਇਸ ਲਈ ਭਾਵੇਂ ਦਾਲ ਹੋਵੇ ਜਾਂ ਕੋਈ ਹੋਰ ਪਕਵਾਨ, ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਪਾਓ। ਉਂਝ ਦਾਲ ਜਾਂ ਕਿਸੇ ਹੋਰ ਪਕਵਾਨ ’ਚ ਬਹੁਤ ਸਾਰੀਆਂ ਸਬਜ਼ੀਆਂ ਮਿਲਾ ਕੇ ਖਾਣਾ ਕਈ ਤਰੀਕਿਆਂ ਨਾਲ ਬਿਹਤਰ ਹੁੰਦਾ ਹੈ, ਖ਼ਾਸ ਕਰਕੇ ਉਨ੍ਹਾਂ ਬੱਚਿਆਂ ਲਈ, ਜੋ ਸਬਜ਼ੀ ਖਾਂਦੇ ਸਮੇਂ ਹਮੇਸ਼ਾ ਆਪਣਾ ਨੱਕ ਤੇ ਮੂੰਹ ਸੁੰਗੜਦੇ ਹਨ।

2. ਰੋਟੀਆਂ ’ਤੇ ਮੱਖਣ ਜਾਂ ਘਿਓ ਲਗਾਉਣ ਤੋਂ ਪ੍ਰਹੇਜ਼ ਕਰੋ
ਸਾਨੂੰ ਭਾਰਤੀਆਂ ਨੂੰ ਆਦਤ ਹੈ ਕਿ ਅਸੀਂ ਘਿਓ ਤੇ ਮੱਖਣ ਤੋਂ ਬਿਨਾਂ ਰੋਟੀ ਜਾਂ ਪਰਾਂਠਾ ਨਹੀਂ ਖਾ ਸਕਦੇ। ਉਂਝ ਜੇਕਰ ਇਨ੍ਹਾਂ ਨੂੰ ਸੀਮਤ ਮਾਤਰਾ ’ਚ ਖਾਧਾ ਜਾਵੇ ਤਾਂ ਇਹ ਸਿਹਤ ਲਈ ਚੰਗੇ ਹੁੰਦੇ ਹਨ ਪਰ ਬਹੁਤ ਸਾਰਾ ਮੱਖਣ ਜਾਂ ਘਿਓ ਸਾਡੀ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਹੁੰਦਾ। ਲੰਬੇ ਤੇ ਸਿਹਤਮੰਦ ਜੀਵਨ ਲਈ ਸਹੀ ਤੇ ਸਿਹਤਮੰਦ ਖਾਣਾ ਬਹੁਤ ਜ਼ਰੂਰੀ ਹੈ ਪਰ ਅਫਸੋਸ ਕਿ ਅਸੀਂ ਮੱਖਣ ਵਾਲੇ ਪਰਾਂਠੇ ਤੇ ਤੇਲ ਵਾਲੇ ਭੋਜਨ ਦਾ ਲਾਲਚ ਨਹੀਂ ਛੱਡ ਸਕਦੇ। ਉਂਝ ਜੇਕਰ ਤੁਸੀਂ ਘੱਟ ਤੇਲ ਜਾਂ ਮੱਖਣ ਨਾਲ ਖਾਣਾ ਪਕਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਟਰਨੈੱਟ ’ਤੇ ਬਹੁਤ ਸਾਰੇ ਅਜਿਹੇ ਪਕਵਾਨ ਮਿਲਣਗੇ, ਜੋ ਘੱਟ ਤੇਲ ਵਾਲੇ ਹਨ।

3. ਸਿਹਤ ਬੀਮਾ ਯੋਜਨਾਵਾਂ ਨੂੰ ਦੇਖੋ
ਇਕ ਚੰਗੀ ਸਿਹਤ ਬੀਮਾ ਯੋਜਨਾ ’ਚ ਨਿਵੇਸ਼ ਕਰਨਾ ਹਰੇਕ ਲਈ ਜ਼ਰੂਰੀ ਹੈ ਪਰ ਅਕਸਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇਕਰ ਕਿਸੇ ਨੇ ਹੈਲਥ ਪਾਲਿਸੀ ਲਈ ਹੈ ਤਾਂ ਵੀ ਕਈ ਵਾਰ ਪ੍ਰੀਮੀਅਮ ਦਾ ਸਮੇਂ ਸਿਰ ਭੁਗਤਾਨ ਨਾ ਕਰਨ ਕਾਰਨ ਪਾਲਿਸੀ ਖ਼ਤਮ ਹੋ ਜਾਂਦੀ ਹੈ। ਜੇਕਰ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਕ ਸਹੀ ਸਿਹਤ ਬੀਮਾ ਯੋਜਨਾ ਲਓ ਕਿਉਂਕਿ ਕਈ ਵਾਰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਹੋਣ ’ਤੇ ਇਹ ਸਿਹਤ ਬੀਮਾ ਬਹੁਤ ਲਾਭਦਾਇਕ ਹੁੰਦੇ ਹਨ।

4. ਚਿਪਸ ਤੇ ਜੰਕ ਫੂਡ ਤੋਂ ਦੂਰ ਰਹੋ
ਬਹੁਤ ਸਾਰੀ ਕੈਲਰੀ ਨਾਲ ਭਰਪੂਰ ਜੰਕ ਫੂਡ ਵੀ ਸਿਹਤ ਦੇ ਦੁਸ਼ਮਣ ਹਨ। ਜੇਕਰ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਹੋ ਤਾਂ ਦੇਰ ਰਾਤ ਤੱਕ ਚਿਪਸ ਜਾਂ ਜੰਕ ਫੂਡ ਖਾਣ ਦੀ ਆਦਤ ਛੱਡ ਦਿਓ। ਦੇਰ ਰਾਤ ਖਾਧੇ ਵਾਧੂ ਕਾਰਬੋਹਾਈਡਰੇਟ ਤੇ ਫੈਨ ਨੂੰ ਬਰਨ ਕਰਨਾ ਮੁਸ਼ਕਿਲ ਹੁੰਦਾ ਹੈ। ਤਲੇ ਹੋਏ ਭੋਜਨ ਜਾਂ ਜੰਕ ਫੂਡ ਨੂੰ ਮਹੀਨੇ ’ਚ ਇਕ ਵਾਰ ਖਾਣਾ ਠੀਕ ਹੈ ਪਰ ਕੋਸ਼ਿਸ਼ ਕਰੋ ਕਿ ਬਾਕੀ ਦਿਨਾਂ ’ਚ ਜੰਕ ਫੂਡ ਤੋਂ ਦੂਰ ਰਹੋ।

5. ਮਿਠਾਈ ’ਚ ਚੀਨੀ ਦੀ ਜਗ੍ਹਾ ਪਾਓ ਗੁੜ੍ਹ
ਸਿਹਤਮੰਦ ਜੀਵਨ ਦਾ ਰਾਹ ਛੋਟੇ ਕਦਮਾਂ ਨਾਲ ਸ਼ੁਰੂ ਹੁੰਦਾ ਹੈ। ਜੇ ਤੁਹਾਡੇ ਪਰਿਵਾਰ ’ਚ ਹਰ ਕਿਸੇ ਨੂੰ ਮਿੱਠਾ ਖਾਣਾ ਪਸੰਦ ਹੈ ਤਾਂ ਇਸ ਨੂੰ ਥੋੜ੍ਹਾ ਸਿਹਤਮੰਦ ਬਣਾਉਣ ਲਈ ਗੁੜ੍ਹ ਨਾਲ ਰਿਫਾਇੰਡ ਚੀਨੀ ਦੀ ਵਰਤੋ ਕਰੋ। ਤੁਸੀਂ ਉਨ੍ਹਾਂ ਪਕਵਾਨਾਂ ਨੂੰ ਵੀ ਦੇਖ ਸਕਦੇ ਹੋ, ਜਿਨ੍ਹਾਂ ’ਚ ਜ਼ਿਆਦਾ ਸੁੱਕੇ ਮੇਵੇ ਤੇ ਘੱਟ ਖੰਡ ਸ਼ਾਮਲ ਹੈ।

6. ਗਰੁੱਪ ਐਕਟੀਵਿਟੀਜ਼ ’ਚ ਹਿੱਸਾ ਲਓ
ਗਰੁੱਪ ਐਕਟੀਵਿਟੀਜ਼ ਕਰਨਾ ਨਾ ਸਿਰਫ਼ ਤੁਹਾਡੇ ਪਰਿਵਾਰ ਨੂੰ ਇਕੱਠੇ ਲਿਆਉਣ ਦਾ ਇਕ ਵਧੀਆ ਤਰੀਕਾ ਹੈ ਪਰ ਇਹ ਪਰਿਵਾਰ ’ਚ ਹਰ ਕਿਸੇ ਨੂੰ ਹਫ਼ਤੇ ਭਰ ’ਚ ਕੁਝ ਸਰੀਰਕ ਗਤੀਵਿਧੀ ਕਰਨ ਦਾ ਮੌਕਾ ਵੀ ਦਿੰਦਾ ਹੈ। ਤੁਸੀਂ ਜਾਂ ਤਾਂ ਗਰੁੱਪ ਯੋਗਾ ਸੈਸ਼ਨ ਲਈ ਸਾਰਿਆਂ ਨੂੰ ਇਕੱਠੇ ਕਰ ਸਕਦੇ ਹੋ ਜਾਂ ਇਕੱਠੇ ਸੈਰ ਲਈ ਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਕੱਠੇ ਕ੍ਰਿਕਟ ਜਾਂ ਫੁੱਟਬਾਲ ਵੀ ਖੇਡ ਸਕਦੇ ਹੋ।

ਨੋਟ– ਜੇਕਰ ਤੁਹਾਡੇ ਕੋਲ ਵੀ ਸਿਹਤਮੰਦ ਰਹਿਣ ਲਈ ਕੁਝ ਅਸਰਦਾਰ ਘਰੇਲੂ ਨੁਸਖ਼ੇ ਹਨ ਤਾਂ ਉਨ੍ਹਾਂ ਨੂੰ ਸਾਡੇ ਨਾਲ ਸਾਂਝਾ ਕਰੋ।


sunita

Content Editor

Related News