ਹਿਮਾਚਲ ਨਾਲ ਜੁੜੇ ਪੰਜਾਬ ਬੰਬ ਧਮਾਕੇ ਦੇ ਤਾਰ, ਊਨਾ ’ਚ ਖੂਹ ’ਚੋਂ ਮਿਲੇ ਟਿਫਨ ਬੰਬ

04/24/2022 9:48:39 AM

ਨਵਾਂਸ਼ਹਿਰ/ਊਨਾ (ਤ੍ਰਿਪਾਠੀ, ਸੁਰਿੰਦਰ)- ਨਵਾਂਸ਼ਹਿਰ ਦੀ ਸੀ. ਆਈ. ਏ. ਅਤੇ ਰੂਪਨਗਰ ਦੀ ਨੂਰਪੁਰਬੇਦੀ ਪੁਲਸ ਚੌਕੀ ਵਿਚ ਬੀਤੇ ਮਹੀਨੇ ਹੋਏ ਬੰਬ ਧਮਾਕੇ ਦੇ ਤਾਰ ਹਿਮਾਚਲ ਨਾਲ ਜੁੜੇ ਹਨ। ਜ਼ਿਲ੍ਹਾ ਊਨਾ ਤੋਂ ਪੰਜਾਬ ਪੁਲਸ ਨੇ 2 ਚਚੇਰੇ ਭਰਾਵਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਨੇ ਇੱਥੇ ਇਕ ਖੂਹ ’ਚੋਂ ਟਿਫਨ ਬੰਬ ਬਰਾਮਦ ਕੀਤੇ ਹਨ। ਕਾਰਵਾਈ ਦੌਰਾਨ ਊਨਾ ਦੇ ਐੱਸ. ਪੀ. ਅਰਜਿਤ ਸੇਨ ਤੇ ਆਈ. ਆਰ. ਬੀ. ਬਨਗੜ੍ਹ ਦੇ ਕਮਾਂਡੈਂਟ ਵਿਮੁਕਤ ਰੰਜਨ ਵੀ ਮੌਕੇ ’ਤੇ ਪਹੁੰਚੇ। ਸ਼ਨੀਵਾਰ ਨੂੰ ਪੰਜਾਬ ਤੇ ਹਿਮਾਚਲ ਪੁਲਸ ਦੀ ਸਾਂਝੀ ਟੀਮ ਨੇ ਊਨਾ ਜ਼ਿਲ੍ਹੇ ਦੇ ਹਰੌਲੀ ਉਪ ਮੰਡਲ ਦੇ ਸਿੰਗਾ ਪਿੰਡ ਵਿਚ ਛਾਪੇਮਾਰੀ ਕੀਤੀ। ਇੱਥੇ ਪ੍ਰਾਇਮਰੀ ਸਕੂਲ ਤੋਂ ਸਿਰਫ 50 ਮੀਟਰ ਦੀ ਦੂਰੀ ’ਤੇ ਇਕ ਖੂਹ ’ਚੋਂ 2 ਟਿਫਨ ਬੰਬ ਬਰਾਮਦ ਹੋਏ ਹਨ। ਗ੍ਰਿਫਤਾਰ ਦੋਵਾਂ ਚਚੇਰੇ ਭਰਾਵਾਂ ਦੀ ਪਛਾਣ ਕੁਲਦੀਪ ਕੁਮਾਰ ਉਰਫ਼ ਸੰਨੀ (32) ਤੇ ਅਮਨਦੀਪ (27) ਵਾਸੀ ਸਿੰਗਾ ਦੇ ਰੂਪ ’ਚ ਹੋਈ ਹੈ। ਵਰਣਨਯੋਗ ਹੈ ਕਿ 7 ਤੇ 8 ਨਵੰਬਰ 2021 ਦੀ ਰਾਤ ਨੂੰ ਸੀ. ਆਈ. ਏ. ਸਟਾਫ ਨਵਾਂਸ਼ਹਿਰ ਵਿਚ ਬਾਈਕ ਸਵਾਰਾਂ ਨੇ ਹੈਂਡ ਗ੍ਰੇਨੇਡ ਸੁੱਟਿਆ ਸੀ। ਜਾਂਚ ਉਪਰੰਤ ਪੁਲਸ ਨੇ ਰਮਦੀਪ ਸਿੰਘ ਉਰਫ ਜੱਖੂ, ਪ੍ਰਦੀਪ ਸਿੰਘ ਉਰਫ ਭੱਟੀ ਤੇ ਮਨੀਸ਼ ਕੁਮਾਰ ਉਰਫ ਬਾਬਾ ਨੂੰ ਗ੍ਰਿਫਤਾਰ ਕਰ ਕੇ ਰਿਮਾਂਡ ’ਤੇ ਲਿਆ ਸੀ।

ਇਹ ਵੀ ਪੜ੍ਹੋ : ਸਰਕਾਰ ਨੇ ਯੂਕ੍ਰੇਨ ਸੰਘਰਸ਼, ਦਿੱਲੀ ਦੰਗਿਆਂ ਦੀ ਕਵਰੇਜ਼ 'ਤੇ ਟੀ.ਵੀ. ਚੈਨਲਾਂ ਨੂੰ ਦਿੱਤੀ ਸਖ਼ਤ ਹਿਦਾਇਤ

ਨਵਾਂਸ਼ਹਿਰ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਐੱਸ. ਐੱਸ. ਪੀ. ਸੰਦੀਪ ਸ਼ਰਮਾ ਤੇ ਐੱਸ. ਪੀ. ਜਾਂਚ ਸਰਵਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਰਿਮਾਂਡ ’ਤੇ ਲਏ ਗਏ ਮੁਲਜ਼ਮਾਂ ਦੇ ਖੁਲਾਸੇ ’ਤੇ ਪੁਲਸ ਨੇ ਕੁਲਦੀਪ ਕੁਮਾਰ ਸੰਨੀ ਪੁੱਤਰ ਪਵਨ ਕੁਮਾਰ ਵਾਸੀ ਨਿੰਮ ਵਾਲਾ ਚੌਕ ਲੁਧਿਆਣਾ ਹਾਲ ਵਾਸੀ ਖਰੜ, ਰੋਹਿਤ ਉਰਫ ਬੱਲੂ ਪੁੱਤਰ ਰੰਗੀ ਰਾਮ ਵਾਸੀ ਪਿੰਡ ਸਿੰਗਾ, ਥਾਣਾ ਹਰੋਲੀ, ਜ਼ਿਲਾ ਊਨਾ, ਸ਼ੁਭਕਰਣ ਉਰਫ ਸਾਜਨ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਮਜਾਰੀ, ਥਾਣਾ ਨੰਗਲ, ਜ਼ਿਲਾ ਰੂਪਨਗਰ, ਜੁਵਤੇਸ਼ ਸੇਠੀ ਤੇ ਅਮਨਦੀਪ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਸਿੰਗਾ, ਥਾਣਾ ਹਰੋਲੀ, ਜ਼ਿਲ੍ਹਾ ਊਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਵਿਦੇਸ਼ੀ ਪਿਸਟਲ, 10 ਜ਼ਿੰਦਾ ਕਾਰਤੂਸ ਅਤੇ ਕੰਸਾਈਨਮੈਂਟ ਲਿਆਉਣ ਲਈ ਵਰਤੀ ਗਈ ਸਵਿਫਟ ਤੇ ਮਾਰੂਤੀ ਕਾਰ ਬਰਾਮਦ ਕੀਤੀ ਹੈ। ਉਕਤ ਮੁਲਜ਼ਮਾਂ ਨੇ ਪੁਲਸ ਚੌਕੀ ਕਲਵਾ, ਥਾਣਾ ਨੂਰਪੁਰਬੇਦੀ (ਰੂਪਨਗਰ) ’ਚ ਬੰਬ ਧਮਾਕਾ ਕਰਨ ਦੀ ਵਾਰਦਾਤ ਮੰਨੀ ਹੈ।

ਇਹ ਵੀ ਪੜ੍ਹੋ : ਵਿਦਿਆਰਥਣਾਂ ਦਾ ਟਾਇਲਟ ਸਾਫ਼ ਕਰਨ ਦਾ ਵੀਡੀਓ ਵਾਇਰਲ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੇ ਜਾਂਚ ਦੇ ਆਦੇਸ਼

ਐੱਸ. ਐੱਸ. ਪੀ. ਨੇ ਦੱਸਿਆ ਕਿ ਕੁਲਦੀਪ ਕੁਮਾਰ ਪਾਕਿਸਤਾਨ ਤੋਂ ਅੱਤਵਾਦੀ ਮਾਡਿਊਲ ਚਲਾ ਰਹੇ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਸਾਥੀ ਹੈ ਜਿਸ ਨੂੰ ਰਿੰਦਾ ਨੇ 3 ਲੱਖ ਰੁਪਏ ਦੀ ਕੰਸਾਈਨਮੈਂਟ ਭੇਜੀ ਸੀ ਜਿਸ ਵਿਚੋਂ ਉਸ ਨੇ ਰੋਹਿਤ ਉਰਫ ਬੱਲੂ ਨੂੰ 1 ਲੱਖ ਅਤੇ ਸ਼ੁਭਕਰਨ ਉਰਫ ਸਾਜਨ ਨੂੰ 10 ਹਜ਼ਾਰ ਰੁਪਏ ਦਿੱਤੇ ਸਨ। ਪੁੱਛਗਿੱਛ ਵਿਚ ਹੋਏ ਖੁਲਾਸੇ ’ਚ ਪਤਾ ਲੱਗਾ ਕਿ ਜੁਵਤੇਸ਼ ਸੇਠੀ ਆਪਣੀ ਸਵਿਫਟ ਕਾਰ ਰਾਹੀਂ ਕੁਲਦੀਪ ਕੁਮਾਰ ਉਰਫ਼ ਸੰਨੀ ਤੋਂ ਕੰਸਾਈਨਮੈਂਟ ਲੈ ਕੇ ਆਉਂਦਾ ਸੀ ਜਿਸ ਦੇ ਲਈ ਉਸ ਨੂੰ ਹਰੇਕ ਚੱਕਰ ਦੇ 15 ਹਜ਼ਾਰ ਰੁਪਏ ਮਿਲਦੇ ਸਨ। ਪੁਲਸ ਨੇ ਜੁਵਤੇਸ਼ ਤੇ ਰੋਹਿਤ ਤੋਂ ਸਵਿਫਟ ਤੇ ਮਾਰੂਤੀ ਕਾਰ ਵੀ ਬਰਾਮਦ ਕੀਤੀ ਹੈ ਅਤੇ ਗ੍ਰਿਫ਼ਤਾਰ ਅਮਨਦੀਪ ਕੁਮਾਰ ਦੀ ਨਿਸ਼ਾਨਦੇਹੀ ’ਤੇ ਪਿੰਡ ਸਿੰਗਾ ਦੇ ਖੂਹ ’ਚੋਂ 2 ਟਿਫਨ ਬੰਬ ਬਰਾਮਦ ਕੀਤੇ ਹਨ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 7 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News