CM ਮਾਨ ਨੇ ਹਿਮਾਚਲ ''ਚ ਲੋਕਾਂ ਨੂੰ ਕੀਤਾ ਸੰਬੋਧਨ, ਵਿਰੋਧੀਆਂ ''ਤੇ ਰੱਜ ਕੇ ਵਰ੍ਹੇ

08/17/2022 7:26:22 PM

ਸ਼ਿਮਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਪਾਰਟੀਆਂ 'ਚੋਂ ਨਹੀਂ ਹੈ ਜੋ ਕਿ ਸ਼ਕਤੀ ਪ੍ਰਦਰਸ਼ਨ ਕਰਨ ਲਈ ਲੋਕਾਂ ਨੂੰ ਦਿਹਾੜੀ 'ਤੇ ਲਿਆ ਕੇ ਇਕੱਠ ਕਰਦੇ ਹਨ। ਮਾਨ ਨੇ ਕਿਹਾ ਕਿ ਹਿਮਾਚਲ ਅਤੇ ਪੰਜਾਬ ਦੀਆਂ ਸਮੱਸਿਆਵਾਂ ਇੱਕੋ ਜਿਹੀਆਂ ਹਨ। ਦੋਵੇਂ ਸੂਬਿਆਂ ਦੇ ਲੋਕਾਂ ਕੋਲ ਕੋਈ ਸਿਆਸੀ ਬਦਲ ਨਹੀਂ ਸੀ। ਉਹ 5 ਸਾਲ ਕਾਂਗਰਸ ਤੋਂ ਦੁਖੀ ਹੋ ਕੇ ਭਾਜਪਾ ਨੂੰ ਵੋਟਾਂ ਪਾ ਦਿੰਦੇ ਸਨ ਅਤੇ ਮੁੜ 5 ਸਾਲ ਬਾਅਦ ਫਿਰ ਭਾਜਪਾ ਤੋਂ ਦੁਖੀ ਹੋ ਕੇ ਕਾਂਗਰਸ ਨੂੰ ਵੋਟਾਂ ਪਾ ਦਿੰਦੇ ਸਨ। ਭਗਵੰਤ ਮਾਨ ਨੇ ਕਿਹਾ ਲੋਕਾਂ ਨੇ ਚੰਗੇ ਭਵਿੱਖ ਦੀ ਆਸ 'ਚ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ। ਇਸ ਮੌਕੇ ਮਾਨ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਪੰਜਾਬ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਰੋਜ਼ਾਨਾ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ ਅਤੇ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ 'ਇੱਕ ਵਿਧਾਇਕ ਇੱਕ ਪੈਨਸ਼ਨ' ਯੋਜਨਾ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਸੂਬੇ 'ਚ ਜੇਕਰ ਕੋਈ ਵਿਅਕਤੀ ਇੱਕ ਵਾਰ ਵਿਧਾਇਕ ਬਣਦਾ ਸੀ ਤਾਂ ਇੱਕ ਪੈਨਸ਼ਨ ਅਤੇ ਜੇਕਰ ਕੋਈ ਦੋ ਵਾਰ ਵਿਧਾਇਕ ਬਣਦਾ ਸੀ ਤਾਂ ਦੋ ਪੈਨਸ਼ਨਾਂ ਦਾ ਹੱਕਦਾਰ ਹੁੰਦਾ ਸੀ। ਇਸ ਤਰ੍ਹਾਂ ਪੰਜਾਬ ਵਿਚ ਸਾਬਕਾ ਵਿਧਾਇਕ 5-5 ਪੈਨਸ਼ਨਾਂ ਲੈ ਰਹੇ ਸਨ। ਹੁਣ ਇਕ ਵਿਧਾਇਕ ਇੱਕ ਪੈਨਸ਼ਨ ਲੈਣ ਦਾ ਹੀ ਹੱਕਦਾਰ ਹੋਵੇਗਾ ਭਾਵੇਂ ਉਹ 5 ਵਾਰ ਵੀ ਵਿਧਾਇਕ ਰਹਿ ਚੁੱਕਾ ਹੋਵੇ।

ਇਸੇ ਤਰ੍ਹਾਂ ਮੁੱਖ ਮੰਤਰੀ ਮਾਨ ਨੇ ਪੰਜਾਬ 'ਚ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦਾ ਵੀ ਹਿਮਾਚਲ ਵਾਸੀਆਂ ਨਾਲ ਜ਼ਿਕਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ 74 ਲੱਖ ਘਰਾਂ 'ਚੋਂ 51 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੁਆਫ਼ੀ ਯੋਜਨਾ 'ਚ ਸਾਰੇ ਵਰਗਾਂ ਦੇ ਲੋਕਾਂ ਨੂੰ ਬਰਾਬਰ ਰੱਖਿਆ ਗਿਆ ਹੈ। ਕੋਈ ਵੀ ਪੰਜਾਬ ਦਾ ਆਮ ਨਾਗਰਿਕ ਜੋ 600 ਯੂਨਿਟ ਤੋਂ ਘੱਟ ਬਿਜਲੀ ਦੀ ਵਰਤੋਂ ਕਰਦਾ ਹੈ ਉਸ ਦੇ ਘਰ ਦਾ ਬਿੱਲ ਜ਼ੀਰੋ ਆਵੇਗਾ।

ਇਸੇ ਤਰ੍ਹਾਂ ਮਾਨ ਨੇ ਮੁਹੱਲਾ ਕਲੀਨਿਕ ਅਤੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਛੁੱਡਵਾਉਣ ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਵਿਚ 50,000 ਏਕੜ ਪੰਚਾਇਤੀ ਜ਼ਮੀਨ ਜੋ ਕਿ ਰਸੂਖਦਾਰਾਂ ਦੁਆਰਾ ਕਬਜ਼ਾਈ ਗਈ ਸੀ, ਨੂੰ ਛੁੱਡਾਉਣਾ ਸ਼ੁਰੂ ਕੀਤਾ ਹੈ ਅਤੇ ਲਗਭਗ 9500 ਏਕੜ ਜ਼ਮੀਨ ਛੁੱਡਵਾ ਲਈ ਗਈ ਹੈ।


Harnek Seechewal

Content Editor

Related News